ਖੁਸ਼ਪ੍ਰੀਤ ਸਿੰਘ ਸੁਨਾਮ, ਸੁਨਾਮ, ਮੈਲਬੌਰਨ : ਆਸਟ੍ਰੇਲੀਆ ਵੱਸਦੇ ਪੰਜਾਬੀਆਂ 'ਚ ਕਿਤਾਬਾਂ ਪ੍ਰਤੀ ਮੋਹ ਵੱਧ ਰਿਹੈ। ਬੀਤੇ ਦਿਨੀਂ ਹੋਈਆਂ ਸਿੱਖ ਖੇਡਾਂ 'ਚ ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਲਗਾਈ ਗਈ ਕਿਤਾਬਾਂ ਦੀ ਦੁਕਾਨ 'ਚ ਪੰਜਾਬੀ ਪਾਠਕਾਂ ਨੇ ਵੱਡੀ ਗਿਣਤੀ 'ਚ ਕਿਤਾਬਾਂ ਖ਼ਰੀਦੀਆਂ। ਪੰਜ-ਆਬ ਰੀਡਿੰਗ ਗਰੁੱਪ ਦੇ ਮੈਂਬਰ ਤੇ ਸਟਾਲ ਦੇ ਸੰਚਾਲਕ ਕੁਲਜੀਤ ਸਿੰਘ ਖੋਸਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਕਿਤਾਬਾਂ ਦੀ ਦੁਕਾਨ ਲਗਾ ਰਹੇ ਹਨ ਪਰ ਭਰਵਾਂ ਹੁੰਗਾਰਾ ਨਹੀਂ ਸੀ ਮਿਲ ਰਿਹਾ। ਪਿਛਲੇ ਸਾਲ ਸਿਡਨੀ ਤੇ ਗਿ੍ਫਥ ਖੇਡਾਂ 'ਚ ਵੀ ਹੁੰਗਾਰਾ ਮੱਠਾ ਹੀ ਰਿਹਾ ਪਰ ਇਸ ਵਾਰ ਪੰਜਾਬੀ ਪਾਠਕਾਂ ਨੇ ਤਿੰਨ ਦਿਨਾਂ 'ਚ 2,200 ਤੋਂ ਵੱਧ ਕਿਤਾਬਾਂ ਖ਼ਰੀਦ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪੰਜਾਬੀ ਕੈਲੰਡਰਾਂ, ਕਾਇਦੇ, ਕਹਾਣੀਆਂ ਦੀਆਂ ਕਿਤਾਬਾਂ ਦੀ ਮੰਗ ਵੀ ਬਰਾਬਰ ਹੀ ਰਹੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ, ਸਿੱਖ ਰਾਜ ਕਿਵੇਂ ਬਣਿਆ, ਰਾਣੀਤੱਤ, ਪੰਜਾਬ ਦਾ ਬੁੱਚੜ, ਹਰਪਾਲ ਪੰਨੂੰ, ਮਿੰਟੂ ਗੁਰੂਸਰੀਆ ਆਦਿ ਲੇਖਕਾਂ ਦੀਆਂ ਕਿਤਾਬਾਂ ਦੀ ਭਾਰੀ ਮੰਗ ਰਹੀ। ਇਸ ਮੌਕੇ ਪੰਜ-ਆਬ ਕਲਚਰਲ ਐਂਡ ਸਪੋਰਟਸ ਐਸੋਸੀਏਸ਼ਨ ਵਿਕਟੋਰੀਆ ਵੱਲੋਂ ਲੇਖਕ ਮਨਜੀਤ ਸਿੰਘ ਰਾਜਪੁਰਾ ਵੱਲੋਂ ਲਿਖੀ ਕਿਤਾਬ 'ਲੰਡੇ ਚਿੜਿਆਂ ਦੀ ਉਡਾਰੀ' ਰਿਲੀਜ਼ ਕੀਤੀ ਗਈ।