ਸਿਡਨੀ (ਏਜੰਸੀ) : ਆਸਟ੍ਰੇਲੀਆ ਵਿਚ ਜਾਨਵਰਾਂ 'ਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਸ਼ਨਿਚਰਵਾਰ ਦੀ ਰਾਤ ਸਿਡਨੀ ਤੋਂ 450 ਕਿਲੋਮੀਟਰ ਦੂਰ ਟੂਰਾ ਬੀਚ ਦੀ ਸੜਕ 'ਤੇ 19 ਸਾਲ ਦੇ ਨੌਜਵਾਨ ਨੇ 20 ਕੰਗਾਰੂਆਂ ਨੂੰ ਆਪਣੇ ਟਰੱਕ ਦੇ ਥੱਲੇ ਕੁਚਲ ਦਿੱਤਾ। ਦੋਸ਼ ਹੈ ਕਿ ਉਹ ਕਰੀਬ ਇਕ ਘੰਟੇ ਤਕ ਉਨ੍ਹਾਂ 'ਤੇ ਆਪਣੀ ਗੱਡੀ ਚੜ੍ਹਾਉਂਦਾ ਰਿਹਾ। ਪੁਲਿਸ ਨੇ ਐਤਵਾਰ ਨੂੰ ਸਵੇਰੇ ਮੌਕੇ ਤੋਂ ਦੋ ਬੱਚਿਆਂ ਸਣੇ 20 ਕੰਗਾਰੂਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ। ਜਾਨਵਰਾਂ ਪ੍ਰਤੀ ਤਸ਼ੱਦਦ ਦੇ ਦੋਸ਼ ਵਿਚ ਉਸ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਨਿਊ ਸਾਊਥ ਵੇਲਸ ਸੂਬੇ ਵਿਚ ਸੜਕ ਹਾਦਸਿਆਂ ਵਿਚ ਪਹਿਲਾ ਵੀ ਕੰਗਾਰੂਆਂ ਦੀ ਮੌਤ ਹੁੰਦੀ ਰਹੀ ਹੈ ਪਰ ਪਹਿਲੀ ਵਾਰ ਜਾਣਬੁੱਝ ਕੇ ਕੰਗਾਰੂਆਂ ਦੀ ਹੱਤਿਆ ਕੀਤੇ ਜਾਣ ਨਾਲ ਸਥਾਨਕ ਵਾਸੀ ਸਹਿਮ ਵਿਚ ਹਨ। ਜੰਗਲਾਤ ਜੀਵ ਸੁਰੱਖਿਆ ਸਮੂਹ ਵਾਇਅਰਸ ਦੇ ਇਕ ਮੈਂਬਰ ਨੇ ਕਿਹਾ, ਇਸ ਘਟਨਾ ਵਿਚ ਕੰਗਾਰੂਆਂ ਦੇ ਤਿੰਨ ਬੱਚੇ ਅਨਾਥ ਹੋ ਗਏ। ਕੰਗਾਰੂਆਂ ਦੇ ਬੱਚੇ 18 ਮਹੀਨੇ ਤਕ ਆਪਣੀ ਮਾਂ 'ਤੇ ਹੀ ਨਿਰਭਰ ਰਹਿੰਦੇ ਹਨ।