ਸਿਡਨੀ (ਏਜੰਸੀਆਂ) : ਆਸਟ੍ਰੇਲੀਆ ਦੇ ਖੋਜੀਆਂ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਦੇ ਇਮਿਊਨ ਸਿਸਟਮ ਰਿਸਪਾਂਸ ਦੀ ਮੈਪਿੰਗ ਦਾ ਦਾਅਵਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਾਇਰਸ ਦਾ ਟੀਕਾ ਬਣਾਉਣ ਜਾਂ ਬਿਮਾਰੀ ਦੇ ਇਲਾਜ ਵਿਚ ਮਦਦ ਮਿਲੇਗੀ। ਵਿਸ਼ਵ ਦੀਆਂ ਲਗਪਗ ਦੋ ਦਰਜਨ ਦਵਾਈ ਨਿਰਮਾਤਾ ਕੰਪਨੀਆਂ ਇਸ ਦਾ ਟੀਕਾ ਬਣਾਉਣ ਜਾਂ ਇਲਾਜ ਲੱਭਣ ਵਿਚ ਲੱਗੀਆਂ ਹਨ। ਇਸ ਵਿਚ ਇਕ ਸਾਲ ਤੋਂ ਜ਼ਿਆਦਾ ਸਮਾਂ ਅਤੇ ਲਗਪਗ 80 ਕਰੋੜ ਡਾਲਰ (ਕਰੀਬ ਛੇ ਹਜ਼ਾਰ ਕਰੋੜ) ਦਾ ਖ਼ਰਚ ਆ ਸਕਦਾ ਹੈ।

ਆਸਟ੍ਰੇਲੀਆ ਦੇ ਪੀਟਰ ਡੋਹਰਟੀ ਇੰਸਟੀਚਿਊਟ ਫਾਰ ਇਨਫੈਕਸ਼ਨ ਐਂਡ ਇਮਿਊਨਿਟੀ ਦੇ ਖੋਜਕਰਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਾਇਰਸ ਨੂੰ ਸਮਝਣ ਵਿਚ ਮਹੱਤਵਪੂਰਣ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਮਿਊਨ ਸਿਸਟਮ ਰਿਸਪਾਂਸ ਮੈਪਿੰਗ ਨਾਲ ਵਿਗਿਆਨਕਾਂ ਨੂੰ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਕਿਉਂ ਕੁਝ ਮਰੀਜ਼ ਠੀਕ ਹੋ ਜਾਂਦੇ ਹਨ ਜਦਕਿ ਕੁਝ ਲੋਕਾਂ ਨੂੰ ਗੰਭੀਰ ਰੂਪ ਨਾਲ ਸਾਹ ਦੀ ਸਮੱਸਿਆ ਹੋ ਜਾਂਦੀ ਹੈ।

ਖੋਜੀਆਂ ਨੇ ਆਸਟ੍ਰੇਲੀਆਈ ਔਰਤ ਮਰੀਜ਼ ਦੇ ਇਮਿਊਨ ਸਿਸਟਮ ਰਿਸਪਾਂਸ ਦੀ ਨਿਗਰਾਨੀ ਕੀਤੀ ਅਤੇ ਇਹ ਦੱਸਣ ਵਿਚ ਸਫਲ ਰਹੇ ਕਿ ਉਹ ਕਦੋਂ ਠੀਕ ਹੋਵੇਗੀ। ਉਨ੍ਹਾਂ ਨੇ ਮਰੀਜ਼ ਦਾ ਨਾਂ ਤਾਂ ਨਹੀਂ ਦੱਸਿਆ ਪ੍ਰੰਤੂ ਇਹ ਜ਼ਰੂਰ ਕਿਹਾ ਕਿ ਉਸ ਨੂੰ ਵਾਇਰਸ ਦੇ ਕਹਿਰ ਕਾਰਨ ਚੀਨ ਦੇ ਵੁਹਾਨ ਸ਼ਹਿਰ ਤੋਂ ਕੱਢ ਕੇ ਇੱਥੇ ਲਿਆਇਆ ਗਿਆ ਸੀ। ਸਿਹਤ ਮੰਤਰੀ ਗ੍ਰੇਗ ਹੰਟ ਨੇ ਇਸ ਮੈਪਿੰਗ ਨੂੰ ਵਾਇਰਸ ਦੇ ਇਲਾਜ ਦੀ ਦਿਸ਼ਾ ਵਿਚ ਮਹੱਤਵਪੂਰਣ ਉਪਲੱਬਧੀ ਦੱਸਿਆ ਹੈ।

ਇਕ ਹੋਰ ਐੱਮਪੀ ਦਾ ਟੈਸਟ ਪੌਜ਼ਿਟਿਵ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਸੈਨੇਟਰ ਐਂਡਰਿਊ ਬਾਗ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਹੈ। ਉਹ ਛੇ ਮਾਰਚ ਨੂੰ ਇਕ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਏ ਸਨ ਜਿਸ ਪਿੱਛੋਂ ਉਨ੍ਹਾਂ ਵਿਚ ਫਲੂ ਵਰਗੇ ਲੱਛਣ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲੇ ਇਕ ਅੌਰਤ ਐੱਮਪੀ ਅਤੇ ਗ੍ਹਿ ਮੰਤਰੀ ਪੀਟਰ ਹੱਟਨ ਦਾ ਟੈਸਟ ਪੌਜ਼ਿਟਿਵ ਆਇਆ ਸੀ। ਇਸ ਦੌਰਾਨ ਮੰਗਲਵਾਰ ਨੂੰ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਵਿਸ਼ੇਸ਼ ਤੌਰ 'ਤੇ ਇਕ ਘੰਟੇ ਲਏ ਖੋਲ੍ਹੇ ਗਏ ਸੁਪਰ ਮਾਰਕੀਟ ਸਟੋਰ ਦੇ ਬਾਹਰ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ।