ਸਿਡਨੀ (ਰਾਇਟਰ) : ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਲੈ ਕੇ ਟਾਇਲਟ ਪੇਪਰ ਦੀ ਕਿੱਲਤ ਹੋ ਗਈ ਹੈ। ਸਿਡਨੀ ਦੀ ਇਕ ਸੁਪਰ ਮਾਰਕੀਟ ਵਿਚ ਬੀਤੇ ਸ਼ਨਿਚਰਵਾਰ ਨੂੰ ਇਸ ਲਈ ਮਾਰਾਮਾਰੀ ਤਕ ਹੋ ਗਈ। ਇਸ ਘਟਨਾ ਵਿਚ ਸ਼ਾਮਲ ਦੋ ਔਰਤਾਂ ਨੂੰ 28 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

ਨਿਊ ਸਾਊਥ ਵੇਲਜ਼ ਪੁਲਿਸ ਅਨੁਸਾਰ 23 ਅਤੇ 60 ਸਾਲ ਦੀਆਂ ਦੋ ਔਰਤਾਂ ਨੂੰ ਝਗੜਾ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਵਾਂ ਵਿਚਕਾਰ ਟਾਇਲਟ ਪੇਪਰ ਨੂੰ ਲੈ ਕੇ ਹੋਈ ਹਿੰਸਕ ਝੜਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਟਾਇਲਟ ਪੇਪਰ ਰੋਲ ਨਾਲ ਭਰੀ ਇਕ ਟ੍ਰਾਲੀ ਨੂੰ ਲੈ ਕੇ ਝਗੜ ਰਹੀਆਂ ਸਨ। ਆਸਟ੍ਰੇਲੀਆ ਵਿਚ ਅਜਿਹੀ ਖ਼ਬਰ ਫੈਲਣ ਪਿੱਛੋਂ ਲੋਕ ਦਹਿਸ਼ਤ ਵਿਚ ਹਨ ਕਿ ਕੋਰੋਨਾ ਵਾਇਰਸ ਕਾਰਨ ਟਾਇਲਟ ਪੇਪਰ ਦੀ ਸਪਲਾਈ ਘੱਟ ਪੈ ਸਕਦੀ ਹੈ। ਇਸੇ ਕਾਰਨ ਲੋਕ ਟਾਇਲਟ ਪੇਪਰ ਖ਼ਰੀਦਣ ਲਈ ਸੁਪਰ ਮਾਰਕੀਟ 'ਤੇ ਟੁੱਟ ਪਏ। ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਪ੍ਰਭਾਵਿਤ 70 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਦੀ ਮੌਤ ਹੋਈ ਹੈ।

ਅਖ਼ਬਾਰ ਨੇ ਛਾਪੇ ਖ਼ਾਲੀ ਸਫ਼ੇ

ਖ਼ਬਰ ਏਜੰਸੀ ਆਈਏਐੱਨਐੱਸ ਅਨੁਸਾਰ ਆਸਟ੍ਰੇਲੀਆ ਵਿਚ ਟਾਇਲਟ ਪੇਪਰ ਦੀ ਕਿੱਲਤ ਨੂੰ ਦੇਖਦੇ ਹੋਏ ਇਕ ਅਖ਼ਬਾਰ ਨੇ ਵਾਧੂ ਖ਼ਾਲੀ ਸਫ਼ੇ ਛਾਪੇ ਹਨ ਤਾਂਕਿ ਲੋਕ ਟਾਇਲਟ ਪੇਪਰ ਦੇ ਤੌਰ 'ਤੇ ਉਨ੍ਹਾਂ ਦੀ ਵਰਤੋਂ ਕਰ ਸਕਣ। ਐੱਨਟੀ ਨਿਊਜ਼ ਅਖ਼ਬਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਅਸੀਂ ਤੁਹਾਡੇ ਐਮਰਜੈਂਸੀ ਯੂਜ਼ ਲਈ ਅੱਠ ਖ਼ਾਲੀ ਸਫ਼ੇ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਿਤ ਕੀਤੇ ਹਨ।