ਸਿਡਨੀ (ਏਐੱਨਆਈ) : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਤੋਂ ਵੱਡੀ ਗ਼ਲਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੀਐੱਮਓ ਨੇ ਗ਼ਲਤੀ ਨਾਲ ਸੱਤਾਧਾਰੀ ਗਠਜੋੜ ਲਿਬਰਲ-ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰਾਂ ਦੀ ਜਗ੍ਹਾ ਪੱਤਰਕਾਰਾਂ ਨੂੰ ਗੁਪਤ ਦਸਤਾਵੇਜ਼ ਭੇਜ ਦਿੱਤੇ। ਸੰਸਦ ਮੈਂਬਰਾਂ ਨੂੰ ਇਹ ਦਸਤਾਵੇਜ਼ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦੀ ਸੈਸ਼ਨ ਦੀ ਤਿਆਰੀ ਕਰਨ ਲਈ ਭੇਜੇ ਜਾਣੇ ਸਨ।

ਸ਼ਿਨਹੁਆ ਨਿਊਜ਼ ਏਜੰਸੀ ਮੁਤਾਬਕ, ਈਮੇਲ ਰਾਹੀਂ ਭੇਜੇ ਗਏ ਇਨ੍ਹਾਂ ਗੁਪਤ ਦਸਤਾਵੇਜ਼ਾਂ 'ਚ ਆਸਟ੍ਰੇਲੀਆ 'ਚ ਸ਼ਰਨ ਮੰਗਣ ਵਾਲਿਆਂ ਦੀ ਵਧਦੀ ਗਿਣਤੀ, ਟੈਕਸ, ਸੀਰੀਆ 'ਚ ਚੱਲ ਰਹੇ ਸੰਘਰਸ਼, ਪੌਣ-ਪਾਣੀ ਤਬਦੀਲੀ 'ਤੇ ਹੋਏ ਪੈਰਿਸ ਸਮਝੌਤੇ ਅਤੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਜਿਹੇ ਤਮਾਮ ਮਸਲਿਆਂ 'ਤੇ ਗੱਲ ਕੀਤੀ ਗਈ ਸੀ। ਇਨ੍ਹਾਂ 'ਚ ਸੱਤਾਧਾਰੀ ਸੰਸਦ ਮੈਂਬਰਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਮਸਲਿਆਂ 'ਤੇ ਪੱਤਰਕਾਰਾਂ ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਕਿਸ ਸਿਆਸੀ ਰਣਨੀਤੀ ਨਾਲ ਦੇਣਾ ਹੈ। 8200 ਸ਼ਬਦਾਂ ਦੇ ਇਸ ਦਸਤਾਵੇਜ਼ 'ਚ ਦੱਸਿਆ ਗਿਆ ਸੀ ਕਿ ਜੇਕਰ ਪੌਣ-ਪਾਣੀ ਤਬਦੀਲੀ ਦੀ ਰਿਪੋਰਟ ਬਾਰੇ ਕੋਈ ਸਵਾਲ ਪੁੱਛਿਆ ਜਾਵੇ ਤਾਂ ਸੰਸਦ ਮੈਂਬਰ ਉਸ ਦਾ ਜਵਾਬ ਟਾਲ ਜਾਣ ਜਾਂ ਇਹ ਕਹਿ ਦੇਣ, 'ਅਸੀਂ ਕਾਰਬਨ ਟੈਕਸ ਲਗਾਏ ਬਿਨਾਂ ਟੀਚਾ ਹਾਸਲ ਕਰ ਲਵਾਂਗੇ।' ਆਸਟ੍ਰੇਲੀਆ 'ਚ ਜਦੋਂ ਵਿਰੋਧੀ ਧਿਰ ਲੇਬਰ ਪਾਰਟੀ ਸੱਤਾ 'ਚ ਸੀ ਤਾਂ ਉਸ ਨੇ ਕਾਰਬਨ ਟੈਕਸ ਲਗਾਉਣ ਦਾ ਮਤਾ ਪੇਸ਼ ਕੀਤਾ ਸੀ।

ਗੁਪਤ ਦਸਤਾਵੇਜ਼ ਨੂੰ ਲੈ ਕੇ ਹੋਈ ਏਨੀ ਵੱਡੀ ਗ਼ਲਤੀ 'ਤੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜਦਕਿ ਅਟਾਰਨੀ ਜਨਰਲ ਨੇ ਇਸ ਗ਼ਲਤੀ ਨੂੰ ਅਹਿਮੀਅਤ ਨਾ ਦਿੰਦਿਆਂ ਕਿਹਾ, 'ਆਧੁਨਿਕ ਰਾਜਨੀਤੀ ਦੀ ਦੁਨੀਆ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ।