ਸਿਡਨੀ (ਏਪੀ) : ਚੀਨ ਨਾਲ ਸੰਪਰਕ ਦੇ ਦੋਸ਼ਾਂ ਵਿਚ ਆਸਟ੍ਰੇਲੀਆ ਦੀ ਵਿਰੋਧੀ ਪਾਰਟੀ ਦੇ ਇਕ ਐੱਮਪੀ ਨੂੰ ਉਨ੍ਹਾਂ ਦੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਏਜੰਸੀਆਂ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਐੱਮਪੀ 'ਤੇ ਚੀਨ ਤੋਂ ਕਥਿਤ ਰੂਪ ਨਾਲ ਪ੍ਰਭਾਵਿਤ ਹੋਣ ਦਾ ਦੋਸ਼ ਹੈ।

ਲੇਬੋਰ ਆਗੂ ਜੋਡੀ ਮੈਕੇ ਨੇ ਦੱਸਿਆ ਕਿ ਪੁਲਿਸ ਅਤੇ ਖ਼ੁ੍ਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਨਿਊ ਸਾਊਥ ਵੇਲਜ਼ ਦੇ ਐੱਮਪੀ ਸ਼ਾਓਕੇਟ ਮੋਸੇਲਮਾਨੇ ਦੇ ਘਰ ਅਤੇ ਦਫ਼ਤਰ 'ਤੇ ਛਾਪਾ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ। ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨੇ ਇਸ ਛਾਪੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਿਡਨੀ ਸਥਿਤ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਹੈ। ਇਹ ਕਾਰਵਾਈ ਇਕ ਜਾਂਚ ਤਹਿਤ ਕੀਤੀ ਗਈ ਹੈ। ਅਜੇ ਤਕ ਐੱਮਪੀ 'ਤੇ ਕਿਸੇ ਤਰ੍ਹਾਂ ਦੇ ਅਪਰਾਧ ਦਾ ਦੋਸ਼ ਨਹੀਂ ਲਗਾਇਆ ਗਿਆ ਹੈ। ਇਹ ਵੀ ਪਤਾ ਨਹੀਂ ਚੱਲਿਆ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਆਪਣੇ ਖ਼ਿਲਾਫ਼ ਕੀਤੀ ਗਈ ਪੁਲਸੀਆ ਕਾਰਵਾਈ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ।


ਅਪ੍ਰਰੈਲ ਮਹੀਨੇ ਵਿਚ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਕਾਰੀ ਢੰਗ ਨਾਲ ਨਿਪਟਣ ਨੂੰ ਲੈ ਕੇ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜੰਮ ਕੇ ਤਾਰੀਫ਼ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸ਼ੀ ਨੇ ਮਹਾਮਾਰੀ ਨਾਲ ਨਿਪਟਣ ਵਿਚ ਬੇਹਤਰੀਨ ਅਗਵਾਈ ਦਾ ਪ੍ਰਦਰਸ਼ਨ ਕੀਤਾ। ਅਖ਼ਬਾਰ 'ਸਿਡਨੀ ਮਾਰਨਿੰਗ ਹੈਰਾਲਡ' ਨੇ ਲਿਖਿਆ ਕਿ ਸ਼ਾਓਕੇਟ 2009 ਵਿਚ ਐੱਮਪੀ ਬਣਨ ਪਿੱਛੋਂ ਨਿੱਜੀ ਤੌਰ 'ਤੇ 9 ਵਾਰ ਚੀਨ ਗਏ। ਦਸਤਾਵੇਜ਼ ਦੱਸਦੇ ਹਨ ਕਿ ਉਨ੍ਹਾਂ ਦੀ ਯਾਤਰਾ ਦਾ ਸਾਰਾ ਖ਼ਰਚ ਚੀਨੀ ਸਰਕਾਰ ਨੇ ਚੁੱਕਿਆ। ਲੇਬੋਰ ਆਗੂ ਮੈਕੇ ਨੇ ਕਿਹਾ ਕਿ ਸ਼ਾਓਕੇਟ ਦੇ ਘਰ ਛਾਪੇ ਤੋਂ ਉਹ ਹੈਰਾਨ ਹਨ। ਇਹ ਭਿਆਨਕ ਅਤੇ ਬੇਹੱਦ ਚਿੰਤਾ ਦੀ ਗੱਲ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਓਕੇਟ ਖ਼ਿਲਾਫ਼ ਚੱਲ ਰਹੀ ਜਾਂਚ ਦੀ ਜਾਣਕਾਰੀ ਹੈ।

Posted By: Rajnish Kaur