ਕੈਨਬਰਾ (ਆਈਏਐੱਨਐੱਸ) : ਆਸਟ੍ਰੇਲੀਆ 'ਚ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਐਂਡਰਿਊ ਹੈਸਟੀ ਨੇ ਅਖ਼ਬਾਰ 'ਚ ਲਿਖੇ ਆਪਣੇ ਇਕ ਲੇਖ 'ਚ ਚੀਨ ਦੀ ਤੁਲਨਾ ਜਰਮਨ ਤਾਨਾਸ਼ਾਹ ਹਿਟਲਰ ਦੀ ਨਾਜੀ ਸ਼ਾਸਨ ਵਿਵਸਥਾ ਨਾਲ ਕੀਤੀ ਹੈ। ਆਸਟ੍ਰੇਲੀਆ 'ਚ ਚੀਨ ਦੇ ਦੂਤਘਰ ਨੇ ਵੀਰਵਾਰ ਨੂੰ ਪ੍ਰਕਾਸ਼ਤ ਇਸ ਲੇਖ ਦੀ ਆਲੋਚਨਾ ਕੀਤੀ ਹੈ। ਦੂਤਘਰ ਨੇ ਕਿਹਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚੇਗਾ।

ਹੈਸਟੀ ਸੁਰੱਖਿਆ ਤੇ ਖ਼ੁਫ਼ੀਆ ਮਾਮਲਿਆਂ ਨਾਲ ਜੁੜੀ ਸੰਸਦੀ ਕਮੇਟੀ ਦੇ ਮੁਖੀ ਵੀ ਹਨ। ਆਪਣੇ ਲੇਖ 'ਚ ਹੈਸਟੀ ਨੇ ਲਿਖਿਆ, 'ਪੱਛਮੀ ਦੇਸ਼ਾਂ ਨੇ ਸੋਚਿਆ ਸੀ ਕਿ ਚੀਨ 'ਚ ਆਰਥਿਕ ਉਦਾਰੀਕਰਨ ਸੁਭਾਵਿਕ ਤੌਰ 'ਤੇ ਲੋਕਤੰਤਰੀ ਪ੍ਰਣਾਲੀ ਅਪਣਾ ਲਵੇਗਾ। ਪਰ ਇਹ ਉਹੋ ਜਿਹਾ ਹੀ ਸਾਬਿਤ ਹੋਇਆ ਜਿਵੇਂ ਕਿ ਦੂਜੀ ਵਿਸ਼ਵ ਜੰਗ ਵੇਲੇ ਫਰਾਂਸ ਨੇ ਸੋਚਿਆ ਸੀ ਕਿ ਲੋਹੇ ਤੇ ਕੰਕ੍ਰੀਟ ਨਾਲ ਬਣੀਆਂ ਮਜ਼ਬੂਤ ਦੀਵਾਰਾਂ ਉਸ ਨੂੰ ਹਿਟਲਰ ਦੀ ਫ਼ੌਜ ਦੇ ਹਮਲਿਆਂ ਤੋਂ ਬਚਾ ਲੈਣਗੀਆਂ।' ਚੀਨ ਦੀ ਵਿਸਥਾਰਵਾਦੀ ਨੀਤੀ ਨੂੰ ਲੈ ਕੇ ਸ਼ੰਕਾ ਪ੍ਰਗਟਾਉਂਦੇ ਹੋਏ ਹੈਸਟੀ ਨੇ ਮੌਜੂਦਾ ਸਥਿਤੀ ਨੂੰ ਜ਼ਿਆਦਾ ਖ਼ਰਾਬ ਦੱਸਿਆ ਹੈ। ਚੀਨ ਵੱਲੋਂ ਆਸਟ੍ਰੇਲੀਆ 'ਚ ਜਾਸੂਸੀ ਕਰਵਾਉਣ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਤਣਾਅ ਹੈ।