ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ਸਰਕਾਰ ਨੇ ਲੰਮੇ ਸਮੇਂ ਤੋ ਬੰਦ ਪਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾੳੇੁਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾੱਟ ਮਾਰੀਸਨ ਨੇ ਇਕ ਪ੍ਰੈਸ ਮਿਲਣੀ ਦੌਰਾਨ ਇਹ ਜਾਣਕਾਰੀ ਦਿੱਤੀ। ਮੋਰਿਸਨ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਕਿ ਲੋਕ ਮੁੜ ਪਹਿਲਾਂ ਵਾਲੀ ਜ਼ਿੰਦਗੀ ਜੀਅ ਸਕਣ। ਮੋਰਸਿਨ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਯਾਤਰਾ ਨੂੰ ਨਵੰਬਰ 'ਚ ਸ਼ੂਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਉਦੋਂ ਤਕ ਆਸਟ੍ਰੇਲੀਆ ਕੋਵਿਡ ਟੀਕਾਕਰਨ ਦੇ ਆਪਣੇ 80 ਫ਼ੀਸਦ ਟੀਚੇ ਤਕ ਵੀ ਪਹੁੰਚ ਜਾਵੇਗਾ। ਮਾਰਸਿਨ ਨੇ ਕਿਹਾ ਕਿ ਹਵਾਈ ਯਾਤਰਾ ਨੂੰ ਲੈ ਕੇ ਨਵੇਂ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਜੋੋ ਕਿ ਆਉਂਦੇ ਦਿਨਾਂ 'ਚ ਲਾਗੂ ਹੋਣਗੇ। ਇਸ ਦੇ ਲਈ ਇਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਪਰਤਣ ਵਾਲੇ ਆਸਟ੍ਰੇਲਿਆਈ ਨਾਗਰਿਕਾਂ ਤੇ ਸਥਾਈ ਨਾਗਰਿਕਾਂ ਨੂੰ ਆਸਟ੍ਰੇਲੀਆ ਆਉਣ ਤੇ ਆਪਣੇ ਘਰ 'ਚ ਹੀ ਸੱਤ ਦਿਨਾਂ ਦੇ ਲਈ ਇਕਾਂਤਵਾਸ ਕਰਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋ ਪਹਿਲਾਂ ਹੋਟਲ ਜਾਂ ਸਰਕਾਰ ਵਲੋਂ ਅਧਿਕਾਰਤ ਸਥਾਨ ਤੇ ਹੀ 14 ਦਿਨਾਂ ਦਾ ਇਕਾਂਤਵਾਸ ਕੀਤਾ ਜਾਂਦਾ ਸੀ। ਆਉਦੇ ਦਿਨਾਂ 'ਚ ਨਿਊ ਸਾਊਥ ਵੇਲਜ਼ ਤੇ ਸਾਊਥ ਆਸਟ੍ਰੇਲੀਆ ਇਸ ਬਾਬਤ ਇੱਕ ਪਰੀਖਣ ਵੀ ਸ਼ੂਰੂ ਕਰਨ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਆਉਣ ਵਾਲੇ ਤੇ ਆਸਟ੍ਰੇਲੀਆ ਤੋਂ ਜਾਣ ਵਾਲੇ ਨਾਗਰਿਕਾਂ ਨੂੰ ਆਸਟ੍ਰੇਲੀਆ ਵਲੋਂ ਮਾਣਤਾ ਪ੍ਰਾਪਤ ਵੈਕਸੀਨ ਲਵਾਉਣੀ ਜ਼ਰੂਰੀ ਹੋਵੇਗੀ ਤੇ ਇਸ ਦਾ ਸਬੂਤ ਵੀ ਆਪਣੇ ਕੋਲ ਰੱਖਣਾ ਪਵੇਗਾ। ਮਾਰਸਿਨ ਨੇ ਭਾਰਤ ਦੀ ਵੈਕਸੀਨ ਕੋਵੀਸ਼ੀਲਡ ਨੂੰ ਆਸਟ੍ਰੇਲੀਆ 'ਚ ਮਾਣਤਾ ਦੇਣ ਦਾ ਵੀ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਵੱਡੇ ਸ਼ਹਿਰ ਸਿਡਨੀ ਤੇ ਮੈਲਬੌਰਨ ਸਖ਼ਤ ਪਾਬੰਦੀਆਂ ਹੇਠ ਚੱਲ ਰਹੇ ਹਨ ਜਦੋਂਕਿ ਮੈਲਬੌਰਨ 'ਚ ਤਾਂ ਅਜੇ ਵੀ ਰਾਤ ਦਾ ਕਰਫਿਊ ਬਰਕਰਾਰ ਹੈ ਕਿਉਂਕਿ ਨਿੱਤ ਦਿਨ ਕੋਰੋਨਾ ਦੇ ਵਧ ਰਹੇ ਕੇਸਾਂ ਦੀ ਗਿਣਤੀ ਦੇ ਚਲਦਿਆਂ ਸਰਕਾਰ ਵੱਲੋਂ ਟੀਕਾਕਰਨ ਦਾ ਟੀਚਾ ਹਾਸਲ ਕਰ ਕੇ ਹੀ ਇਨ੍ਹਾਂ ਪਾਬੰਦੀਆਂ ਨੂੰ ਹਟਾਇਆ ਜਾਵੇਗਾ। ਦੇਸ਼ ਅਤੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਿਆ ਜਾਵੇਗਾ। ਭਾਰਤ ਸਮੇਤ ਵੱਖ ਦੇਸ਼ਾਂ 'ਚ ਫਸੇ ਹਜ਼ਾਰਾਂ ਲੋਕ ਅੱਜ ਵੀ ਵਾਪਸ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ।

Posted By: Seema Anand