ਜੇਐਨਐਨ, ਨਵੀਂ ਦਿੱਲੀ : ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਵਿਭਾਗ ਦੇ ਲੋਕ ਇਥੇ ਲੱਗੀ ਅੱਗ 'ਤੇ ਤਮਾਮ ਤਰੀਕਿਆਂ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ ਦੀ ਸਵੇਰ ਇਥੇ ਸੰਘਣੀਆਂ ਝਾੜੀਆਂ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਇਕ ਹੈਲੀਕਾਪਟਰ ਦੀ ਮਦਦ ਲਈ ਗਈ, ਇਹ ਹੈਲੀਕਾਪਟਰ ਅੱਗ ਬੁਝਾਉਂਦੇ ਹੋਏ ਦੁਰਘਟਨਾਗ੍ਰਸਤ ਹੋ ਗਿਆ ਜਿਸ ਕਾਰਨ ਅੱਗ ਬੁਝਾਉਣ ਦੇ ਕਾਰਜ ਵਿਚ ਰੁਕਾਵਟ ਪੈ ਗਈ।

ਜਹਾਜ਼ ਦੁਰਘਟਨਾਗ੍ਰਸਤ ਹੋਣ ਨਾਲ ਪਿਆ ਅਸਰ

ਕਵੀਂਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਦੇ ਉਤਰ ਵਿਚ 150 ਕਿਲੋਮੀਟਰ ਦੀ ਦੂਰੀ 'ਤੇ ਇਕ ਹਰਮਨ ਪਿਆਰਾ ਸਮੁੰਦਰੀ ਤੱਟ ਹੈ। ਇਥੇ ਭਾਰੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਆਸਟਰੇਲੀਆ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਦੌਰਾਨ ਹੈਲੀਕਾਪਟਰ ਜੋ ਪਾਣੀ ਦੀਆਂ ਬੌਛਾਰਾਂ ਕਰ ਰਿਹਾ ਸੀ, ਦੁਰਘਟਨਾਗ੍ਰਸਤ ਹੋ ਗਿਆ, ਜਿਸ ਕਾਰਨ ਕੰਮ ਵਿਚ ਰੁਕਾਵਟ ਆ ਗਈ। ਇਨ੍ਹਾਂ ਸੰਘਣੇ ਜੰਗਲਾਂ ਦੀਆਂ ਉਚੀਆਂ ਝਾੜੀਆਂ ਨੂੰ ਲੱਗੀ ਅੱਗ 'ਤੇ ਕਾਬੁ ਪਾਉਣ ਲਹੀ ਕਿਸੇ ਵੀ ਤਰ੍ਹਾਂ ਦੇ ਜਨਤਕ ਨੁਕਸਾਨ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਨੂੰ ਬੁਲਾਇਆ ਹੈ। ਇਹ ਸਾਰੇ ਇਥੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਵੱਧਦੀ ਅੱਗ ਨੂੰ ਦੇਖਦੇ ਹੋਏ ਸੈਲਾਨੀਆਂ ਨੂੰ ਇਥੋਂ ਦੂਰ ਜਾਣ ਦੀਆਂ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।


ਮੌਸਮ ਵਿਚ ਬਦਲਾਅ ਕਾਰਨ ਅੱਗ 'ਤੇ ਕਾਬੂ ਪਾਉਣ ਵਿਚ ਆਸਾਨੀ

ਬੁੱਧਵਾਰ ਨੂੰ ਹੀ ਇਥੇ ਮੌਸਮ ਵਿਚ ਮਾਮੂਲੀ ਬਦਲਾਅ ਮਹਿਸੂਸ ਕੀਤਾ ਗਿਆ, ਜਿਸ ਨਾਲ ਅੱਗ 'ਤੇ ਕਾਬੂ ਪਾਉਣ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਕੁਝ ਸਹਿਯੋਗ ਮਿਲਿਆ ਹੈ। ਅਧਿਕਾਰੀਆਂ ਨੇ ਆਪਣਾ ਪੂਰਾ ਧਿਆਨ ਉਤਰੀ ਗੁਆਂਢੀ ਕਵੀਂਸਲੈਂਡ ਵੱਲ ਕੀਤਾ ਹੋਇਆ ਹੈ ਕਿਉਂਕਿ ਇਥੋਂ ਦਾ ਮੌਸਮ ਬੇਹੱਦ ਗਰਮ ਅਤੇ ਖੁਸ਼ਕ ਹੈ। ਜਿਸ ਕਾਰਨ ਇਥੇ ਅੱਗ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਰੋਕਣ ਲਈ ਕਾਰਜ ਆਰੰਭੇ ਜਾ ਚੁੱਕੇ ਹਨ।


150 ਥਾਵਾਂ 'ਤੇ ਲੱਗੀ ਅੱਗ

ਆਸਟਰੇਲੀਆ ਦੇ ਜੰਗਲਾਂ ਵਿਚ ਅੱਜ ਕੱਲ੍ਹ 150 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਵਿਭਾਗ ਦੇ ਅਧਿਕਾਰੀ ਇਸ 'ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ 1.1 ਮਿਲੀਅਨ ਹੈਕਟੇਅਰ ਜ਼ਮੀਨ ਸੜ ਰਹੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਮੌਸਮ ਵਿਚ ਬਦਲਾਅ ਹੋਣ ਨਾਲ ਮੌਸਮ ਗਰਮ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਅੱਗ ਵੱਧਣ ਦੀ ਉਮੀਦ ਹੈ।

Posted By: Susheel Khanna