ਕੈਨਬਰਾ(ਆਸਟ੍ਰੇਲੀਆ): ਆਸਟ੍ਰੇਲੀਆ ਦੇ ਵਿੱਤ ਮੰਤਰੀ ਮਾਥਿਯਾਸ ਕੋਰਮਾਨ ਨੇ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਕੋਰਮਾਨ ਨੇ ਐਤਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਉਹ 2020 ਦੇ ਅਖ਼ੀਰ ਤਕ ਸਿਆਸਤ ਛੱਡ ਦੇਣਗੇ। ਦੇਸ਼ 'ਚ ਸੱਤਾਧਾਰੀ ਗਠਜੋੜ ਦੇ ਵੱਡੇ ਆਗੂਆਂ 'ਚੋਂ ਇਕ ਕੋਰਮਾਨ ਨੇ ਆਪਣੇ ਸਿਆਸਤੀ ਜੀਵਨ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਕਿ ਇਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਮੌਕਿਆਂ 'ਚੋਂ ਇਕ ਸੀ।

ਜ਼ਿਕਰਯੋਗ ਹੈ ਕਿ ਕੋਰਮਾਨ ਸੰਨ 2007 'ਚ ਪੱਛਮੀ ਆਸਟ੍ਰੇਲੀਆ ਤੋਂ ਸੈਨੇਟਰ ਚੁਣੇ ਗਏ ਸਨ। 2013 ਤੋਂ ਲੈ ਕੇ ਹੁਣ ਤਕ ਉਹ 3 ਪ੍ਰਧਾਨ ਮੰਤਰੀਆਂ ਨਾਲ ਵਿੱਤ ਮੰਤਰੀ ਦੇ ਰੂਪ 'ਚ ਕੰਮ ਕਰ ਚੁੱਕੇ ਹਨ। ਕੋਰਮਾਨ ਨੇ ਕਿਹਾ ਕਿ ਉਹ ਸੰਘੀ ਬਜਟ ਦੇ ਡ੍ਰਾਫਟ ਨੂੰ ਤਿਆਰ ਕਰਨ ਦਾ ਕੰਮ ਪੂਰਾ ਕਰਨਗੇ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਆਸਟ੍ਰੇਲੀਆ ਦੇ ਸੰਘੀ ਬਜਟ ਨੂੰ ਅਕਤੂਬਰ ਤਕ ਲਈ ਟਾਲ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ। ਮੈਂ ਰੋਜ਼ਾਨਾ ਚੰਗਾ ਕਰਨ ਅਤੇ ਸਭ ਤੋਂ ਵਧੀਆ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਸਾਲ ਦੇ ਅਖੀਰ ਤਕ ਮੌਜੂਦਾ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਚੁੱਕਿਆ ਹੋਵੇਗਾ।

Posted By: Jagjit Singh