ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਦੇ ਪਿੱਛੇ ਕੁਝ ਹੱਦ ਤਕ ਭਾਰਤ ਤੋਂ ਮੌਨਸੂਨ ਦਾ ਦੇਰੀ ਨਾਲ ਪਰਤਣਾ ਵੀ ਜ਼ਿੰਮੇਵਾਰ ਹੈ। ਜੰਗਲਾਂ ਦੀ ਅੱਗ ਦੀ ਪ੍ਰਕ੍ਰਿਤੀ ਦਾ ਅਧਿਐਨ ਕਰਨ ਵਾਲੇ ਇਕ ਮਾਹਿਰ ਨੇ ਇਹ ਦਾਅਵਾ ਕੀਤਾ ਹੈ। ਆਸਟ੍ਰੇਲੀਆ ਵਿਚ ਇਸ ਅੱਗ ਨਾਲ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਹਿਜਰਤ ਕਰ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ।

ਈਂਧਨ, ਮੌਸਮ ਅਤੇ ਭੂਗੋਲਿਕ ਸਥਿਤੀਆਂ ਦੀ ਵਰਤੋਂ ਕਰ ਕੇ ਜੰਗਲਾਂ ਦੀ ਅੱਗ ਦੀ ਪ੍ਰਕ੍ਰਿਤੀ ਦਾ ਅਧਿਐਨ ਕਰਨ ਵਾਲੇ ਮੈਲਬੌਰਨ ਯੂਨੀਵਰਸਿਟੀ ਨਾਲ ਜੁੜੇ ਟ੍ਰੈਂਟ ਪੇਨਹਮ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਲੱਗੀ ਇਸ ਅੱਗ ਨੂੰ ਭਾਰਤ ਵਿਚ ਮੌਨਸੂਨ ਦੀ ਦੇਰੀ ਨਾਲ ਖ਼ਤਮ ਹੋਣ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਵਿਸ਼ਵ ਭਰ 'ਚ ਮੌਸਮ ਦਾ ਇਕ-ਦੂਜੇ ਦੇਸ਼ 'ਤੇ ਅਸਰ ਪੈਂਦਾ ਹੈ। ਅਸੀਂ ਇਨ੍ਹਾਂ ਨੂੰ ਅਲੱਗ ਕਰ ਕੇ ਨਹੀਂ ਵੇਖ ਸਕਦੇ। ਹਾਲਾਂਕਿ ਜੇਕਰ ਤੁਸੀਂ ਕਿਸੇ ਇਕ ਇਲਾਕੇ ਵਿਚ ਹੋ ਤਾਂ ਇਹ ਤੁਹਾਡੇ ਲਈ ਸੋਚਣਾ ਮੁਸ਼ਕਲ ਹੋਏਗਾ ਕਿ 10 ਹਜ਼ਾਰ ਕਿਲੋਮੀਟਰ ਦੂਰ ਜੋ ਮੌਸਮ ਹੈ ਉਹ ਅਸਲ ਵਿਚ ਇਥੇ ਵੀ ਅਸਰ ਪਾ ਰਿਹਾ ਹੋਏਗਾ। ਭਾਰਤ ਵਿਚ ਰਿਕਾਰਡ ਬਾਰਿਸ਼ ਪਿਛਲੇ ਮਹੀਨੇ ਦੇ ਦੂਜੇ ਹਫ਼ਤੇ ਤਕ ਵੀ ਨਹੀਂ ਰੁਕੀ ਸੀ ਜਦਕਿ ਏਸ਼ੀਆ ਵਿਚ ਦੱਖਣੀ-ਪੱਛਮੀ ਮੌਨਸੂਨ ਹਰ ਸਾਲ ਜੂਨ ਤੋਂ ਸਤੰਬਰ ਵਿਚਕਾਰ ਖ਼ਤਮ ਹੋ ਜਾਂਦਾ ਹੈ ਅਤੇ ਇਹ ਹਵਾਵਾਂ ਫਿਰ ਉਥੋਂ ਦੱਖਣ ਵੱਲ ਵੱਧਦੀਆਂ ਹਨ। ਕਿਉਂਕਿ ਭਾਰਤ ਵਿਚ ਮੌਨਸੂਨ ਜਲਦੀ ਖ਼ਤਮ ਨਹੀਂ ਹੋਇਆ ਇਸ ਲਈ ਡਾਰਵਿਨ (ਆਸਟ੍ਰੇਲੀਆ ਦਾ ਖੇਤਰ) ਵਿਚ ਚੰਗੀ ਬਾਰਿਸ਼ ਨਹੀਂ ਹੋਈ। ਇਸ ਕਾਰਨ ਆਸਟ੍ਰੇਲੀਆ ਦਾ ਪੂਰਬੀ ਤੱਟ ਖੁਸ਼ਕ ਹੋ ਗਿਆ ਅਤੇ ਉਸ ਦੇ ਅੱਗ ਦੀ ਲਪੇਟ ਵਿਚ ਆਉਣ ਦਾ ਜੋਖਮ ਵੱਧ ਗਿਆ। ਪੇਨਹਮ ਨੇ ਕਿਹਾ ਕਿ ਇਸ ਸਮੇਂ ਇਨ੍ਹਾਂ ਖੇਤਰਾਂ ਵਿਚ ਸਧਾਰਣ ਤੌਰ 'ਤੇ ਜੋ ਬਾਰਿਸ਼ ਹੁੰਦੀ ਹੈ ਉਹ ਵਿਸ਼ਵ ਦੇ ਘਟਨਾ ਕ੍ਰਮ ਕਾਰਨ ਨਹੀਂ ਹੋਈ ਅਤੇ ਇਸ ਕਾਰਨ ਇਹ ਖੇਤਰ ਗਰਮ, ਖੁਸ਼ਕ ਅਤੇ ਤੇਜ਼ ਹਵਾਵਾਂ ਦੇ ਅਸਰ ਵਿਚ ਰਹੇ। ਭਿਆਨਕ ਅੱਗ ਲਈ ਇਹ ਸਾਰੀਆਂ ਸਥਿਤੀਆਂ ਅਨੁਕੂਲ ਹੁੰਦੀਆਂ ਹਨ ਜੋ ਇਸ ਸਮੇਂ ਅਸੀਂ ਦੇਖ ਰਹੇ ਹਾਂ।

ਨਿਊ ਸਾਊਥ ਵੇਲਜ਼ 'ਚ ਹੰਗਾਮੀ ਹਾਲਤ ਦਾ ਐਲਾਨ

ਸਿਡਨੀ (ਆਈਏਐੱਨਐੱਸ) : ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਸੱਤ ਦਿਨਾਂ ਲਈ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਤੋਂ ਬੁਰੇ ਹਾਲਾਤ ਲਈ ਤਿਆਰ ਰਹਿਣਾ ਹੋਵੇਗਾ। ਆਸਟ੍ਰੇਲੀਆ ਦੇ ਮੁੱਖ ਸ਼ਹਿਰ ਸਿਡਨੀ 'ਤੇ ਵੀ ਅੱਗ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ।