ਮੈਲਬੋਰਨ, ਰਾਇਟਰ : ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਲਿਆ ਹੈ। ਇਸ ਦੀ ਲਪੇਟ 'ਚ ਆ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਕਰੀਬ 150 ਘਰ ਸੜ ਕੇ ਸੁਆਹ ਹੋ ਗਏ। ਕੁਝ ਲੋਕ ਲਾਪਤਾ ਹਨ। ਅੱਗ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹਨ। ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਇਹ ਸਭ ਤੋਂ ਭਿਆਨਕ ਅੱਗ ਹੈ। ਦੇਸ਼ ਪਹਿਲਾਂ ਹੀ ਗੰਭੀਰ ਸੋਕੇ ਨਾਲ ਜੂਝ ਰਿਹਾ ਹੈ।

ਨਿਊ ਸਾਊਥ ਵੇਲਜ਼ ਦੀ ਪੁਲਿਸ ਮੁਤਾਬਕ ਸਿਡਨੀ ਤੋਂ ਕਰੀਬ 300 ਕਿਲੋਮੀਟਰ ਉੱਤਰ 'ਚ ਸਥਿਤ ਟੇਰੀ ਕਸਬੇ ਦੇ ਸੜੇ ਹੋਏ ਮਕਾਨ 'ਚੋਂ ਇਕ ਲਾਸ਼ ਬਰਾਮਦ ਹੋਈ ਹੈ। ਮਕਾਨ 'ਚ 63 ਸਾਲਾ ਔਰਤ ਰਹਿੰਦੀ ਸੀ। ਇਕ ਹੋਰ ਔਰਤ ਦਾ ਲਾਸ਼ ਵਾਹਨ 'ਚੋਂ ਮਿਲੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਫ਼ੌਜ ਨੂੰ ਮਦਦ ਲਈ ਉਤਾਰਿਆ ਜਾ ਸਕਦਾ ਹੈ। ਮੌਰੀਸਨ ਨੇ ਸ਼ਨਿਚਰਵਾਰ ਨੂੰ ਕਿਹਾ, ਅਸੀਂ ਅਜਿਹੀ ਦੁਖਦਾਈ ਖ਼ਬਰਾਂ ਫਿਰ ਸੁਣ ਸਕਦੇ ਹਾਂ। ਫ਼ੌਜ ਦੇ ਰਿਜ਼ਰਵ ਜਵਾਨਾਂ ਨੂੰ ਹੰਗਾਮੀ ਸੇਵਾਵਾਂ ਦੇ ਸਹਿਯੋਗ ਤੇ ਅੱਗ ਨਾਲ ਸਿੱਧੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਾਇਆ ਜਾ ਸਕਦਾ ਹੈ।