ਸਿਡਨੀ (ਏਪੀ) : ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਰਹਿ ਰਹੇ ਹਾਂਗਕਾਂਗ ਦੇ ਲਗਪਗ ਦਸ ਹਜ਼ਾਰ ਨਾਗਰਿਕਾਂ ਨੂੰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਸਥਾਈ ਨਿਵਾਸ ਲਈ ਬਿਨੈ ਕਰਨ ਦਾ ਇਕ ਮੌਕਾ ਦੇਵੇਗਾ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਵੀ ਅਜਿਹਾ ਹੀ ਐਲਾਨ ਕੀਤਾ ਸੀ, ਜਿਸ ਨਾਲ ਚੀਨ ਨੂੰ ਮਿਰਚਾਂ ਲੱਗੀਆਂ ਸਨ। ਕੋਰੋਨਾ ਨੂੰ ਲੈ ਕੇ ਆਸਟ੍ਰੇਲੀਆ ਪਹਿਲਾਂ ਹੀ ਚੀਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਚੁੱਕਾ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੀ ਸਰਕਾਰ ਦਾ ਮੰਨਣਾ ਹੈ ਕਿ ਹਾਂਗਕਾਂਗ ਵਿਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਨਾਲ ਲੋਕਤੰਤਰ ਸਮਰਥਕ ਅੰਦੋਲਨਕਾਰੀਆਂ ਨੂੰ ਜ਼ੁਲਮਾਂ ਦਾ ਸਾਹਮਣਾ ਕਰਨਾ ਪਵੇਗਾ। ਕਾਰਜਕਾਰੀ ਇੰਮੀਗ੍ਰੇਸ਼ਨ ਮੰਤਰੀ ਐਲਨ ਟੁਡਗੇ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਟੀਵੀ ਨੂੰ ਦੱਸਿਆ ਕਿ ਇਸਦਾ ਮਤਲਬ ਇਹ ਹੈ ਕਿ ਹਾਂਗਕਾਂਗ ਦੇ ਪਾਸਪੋਰਟ ਧਾਰਕਾਂ ਨੂੰ ਹੋਰ ਥਾਵਾਂ 'ਤੇ ਜਾਣ ਲਈ ਬਦਲਣ ਤਲਾਸ਼ਣੇ ਪੈਣਗੇ ਅਤੇ ਇਸ ਲਈ ਅਸੀਂ ਆਪਣਾ ਵਾਧੂ ਵੀਜ਼ਾ ਬਦਲ ਉਨ੍ਹਾਂ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰਨ ਲਈ ਬਿਨੈਕਾਰਾਂ ਨੂੰ ਚਰਿੱਤਰ ਪ੍ਰੀਖਿਆ, ਰਾਸ਼ਟਰੀ ਸੁਰੱਖਿਆ ਪ੍ਰੀਖਿਆ ਅਤੇ ਇਸ ਪ੍ਰਕਾਰ ਦੀਆਂ ਹੋਰ ਪ੍ਰੀਖਿਆਵਾਂ ਪਾਸ ਕਰਨੀਆਂ ਹੋਣਗੀਆਂ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸੀ ਬਣਨ ਲਈ ਬਿਨੈ ਕਰਨਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਇਕ ਵਾਰ ਸਥਾਈ ਨਿਵਾਸੀ ਬਣ ਗਏ ਤਾਂ ਇਸ ਨਾਲ ਨਾਗਰਿਕਤਾ ਪਾਉਣ ਦਾ ਰਸਤਾ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ, ਜੇਕਰ ਲੋਕਾਂ 'ਤੇ ਅਸਲ ਵਿਚ ਜ਼ੁਲਮ ਹੋ ਰਹੇ ਹਨ ਅਤੇ ਉਹ ਇਸਨੂੰ ਸਾਬਤ ਕਰ ਦਿੰਦੇ ਹਨ ਤਾਂ ਉਹ ਮਨੁੱਖੀ ਆਧਾਰ 'ਤੇ ਮਿਲਣ ਵਾਲੇ ਵੀਜ਼ੇ ਵਿੱਚੋਂ ਇਕ ਲਈ ਬਿਨੈ ਕਰ ਸਕਦੇ ਹਨ। ਮਾਰੀਸਨ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਆਸਟ੍ਰੇਲੀਆ ਨੇ ਹਾਂਗਕਾਂਗ ਦੇ ਨਾਲ ਆਪਣੀ ਹਵਾਲਗੀ ਸੰਧੀ ਸਮਾਪਤ ਕਰ ਦਿੱਤੀ ਹੈ ਅਤੇ ਹਾਂਗਕਾਂਗ ਦੇ ਨਾਗਰਿਕਾਂ ਦਾ ਵੀਜ਼ਾ ਦੋ ਤੋਂ ਵਧਾ ਕੇ ਪੰਜ ਸਾਲ ਕਰ ਦਿੱਤਾ ਗਿਆ ਹੈ। ਇਸ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕੈਨਬਰਾ ਵੱਲੋਂ ਚੁੱਕੇ ਗਏ ਇਸ ਕਦਮ ਦੇ ਜਵਾਬ ਵਿਚ ਉਸਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ।

Posted By: Susheel Khanna