ਮੈਲਬੌਰਨ (ਏਜੰਸੀਆਂ) : ਹਾਂਗਕਾਂਗ 'ਚ ਚੀਨ ਦੇ ਵਿਵਾਦਮਈ ਕੌਮੀ ਸੁਰੱਖਿਆ ਕਾਨੂੰਨ ਵਿਰੁੱਧ ਆਸਟ੍ਰੇਲੀਆ ਨੇ ਕਦਮ ਉਠਾਏ ਹਨ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਚੀਨ ਦੇ ਕੰਟਰੋਲ ਵਾਲੇ ਇਸ ਖੇਤਰ ਨਾਲ ਕੀਤੇ ਹਵਾਲਗੀ ਕਰਾਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਕਰਾਰ ਹਾਲੇ ਸਿਰਫ ਮੁਅੱਤਲ ਕੀਤਾ ਗਿਆ ਹੈ। ਇਸ ਨਾਲ ਦੀ ਮੌਰੀਸਨ ਨੇ ਹਾਂਗਕਾਂਗ ਦੇ ਕਾਰੋਬਾਰਾਂ ਨੂੰ ਆਪਣੇ ਖਿੱਚਣ ਲਈ ਕਈ ਉਪਾਵਾਂ ਦਾ ਵੀ ਐਲਾਨ ਕੀਤਾ ਹੈ। ਇਸ ਕਦਮ ਤੋਂ ਭੜਕੇ ਚੀਨ ਨੇ ਕਿਹਾ ਕਿ ਆਸਟ੍ਰੇਲੀਆ, ਹਾਂਗਕਾਂਗ ਮਾਮਲੇ 'ਚ ਦਖ਼ਲ ਦੇਣਾ ਬੰਦ ਕਰੇ।

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਵੱਲੋਂ ਹਾਂਗਕਾਂਗ 'ਤੇ ਥੋਪਿਆ ਗਿਆ ਕੌਮੀ ਸੁਰੱਖਿਆ ਕਾਨੂੰਨੀ ਦੁਨੀਆ ਭਰ ਦੀਆਂ ਸਰਕਾਰਾਂ ਲਈ ਹਾਲਾਤ 'ਚ ਬੁਨਿਆਦੀ ਤਬਦੀਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕੈਨਬਰਾ 'ਚ ਕਿਹਾ, 'ਹਾਂਗਕਾਂਗ ਨਾਲ ਹਵਾਲਗੀ ਕਰਾਰ ਨੂੰ ਮੁਅੱਤਲ ਕਰਨ ਦਾ ਸਾਡਾ ਫ਼ੈਸਲਾ ਨਵੇਂ ਸੁਰੱਖਿਆ ਕਾਨੂੰਨ ਕਾਰਨ ਇਸ ਸ਼ਹਿਰ ਸਬੰਧੀ ਹਾਲਾਤ 'ਚ ਮੁੱਢਲੀ ਤਬਦੀਲੀ ਦੀ ਪੈਂਠ ਨੂੰ ਦਰਸਾਉਂਦਾ ਹੈ। ਸਾਡੇ ਵਿਚਾਰ 'ਚ ਨਵਾਂ ਕਾਨੂੰਨ ਤੇ ਚੀਨ-ਬਰਤਾਨੀਆ ਦੇ ਸਾਂਝੇ ਐਲਾਨਨਾਮੇ 'ਚ ਖੁਦਮੁਖਤਾਰੀ ਦੀ ਗਾਰੰਟੀ ਦੀ ਅਣਦੇਖੀ ਕਰਦਾ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਹਾਂਗਕਾਂਗ ਦੇ ਕਾਰੋਬਾਰੀਆਂ ਨੂੰ ਇਥੇ ਸਥਾਪਤ ਕੀਤੇ ਜਾਣ ਦਾ ਸਵਾਗਤ ਕਰੇਗੀ। ਉਨ੍ਹਾਂ ਨੇ ਹਾਂਗਕਾਂਗ ਦੇ 10 ਹਜ਼ਾਰ ਵਿਦਿਆਰਥੀ ਤੇ ਅਸਥਾਈ ਕੁਸ਼ਲ ਕਾਮਿਆਂ ਲਈ ਵੀਜ਼ੇ ਦੀ ਪੇਸ਼ਕਸ਼ ਵੀ ਕੀਤੀ ਤਾਂ ਕਿ ਨਵਾਂ ਜੀਵਨ ਸ਼ੁਰੂ ਕਰ ਸਕਣ। ਇਸ 'ਤੇ ਆਸਟ੍ਰੇਲੀਆ 'ਚ ਚੀਨੀ ਸਫ਼ਾਰਤਖਾਨੇ ਨੇ ਇਕ ਬਿਆਨ 'ਚ ਕਿਹਾ, 'ਅਸੀਂ ਆਸਟ੍ਰੇਲੀਆਈ ਪੱਖ ਨੂੰ ਅਪੀਲ ਕਰਦੇ ਹਾਂ ਕਿ ਉਹ ਹਾਂਗਕਾਂਗ ਤੇ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਦਖ਼ਲ ਦੇਣਾ ਤੁਰੰਤ ਬੰਦ ਕਰ ਦੇਵੇ।' ਦੱਸਣਯੋਗ ਹੈ ਕਿ ਚੀਨ ਨੇ ਬੀਤੇ ਮਹੀਨੇ ਹਾਂਗਕਾਂਗ 'ਚ ਇਹ ਵਿਵਾਦਮਈ ਕਾਨੂੰਨ ਲਾਗੂ ਕੀਤਾ ਸੀ। ਇਸ ਦੀ ਅਮਰੀਕਾ ਤੇ ਬਰਤਾਨੀਆ ਸਮੇਤ ਕਈ ਦੇਸ਼ਾਂ ਨੇ ਤਿੱਖੀ ਆਲੋਚਨਾ ਕੀਤੀ ਸੀ।