ਕੈਨਬਰਾ (ਏਐੱਨਆਈ) : ਚੀਨ ਦੀ ਡ੍ਰੀਮ ਪ੍ਰਰਾਜੈਕਟ ਬੈਲਟ ਐਂਡ ਰੋਡ ਪ੍ਰਰਾਜੈਕਟ ਨੂੰ ਆਸਟ੍ਰੇਲੀਆ ਦੀ ਸਰਕਾਰ ਨੇ ਕਰਾਰਾ ਝਟਕਾ ਦਿੱਤਾ ਹੈ। ਉਸ ਨੇ ਕੌਮੀ ਹਿੱਤਾਂ ਨੂੰ ਦੇਖਦੇ ਹੋਏ ਇਸ ਪ੍ਰਰਾਜੈਕਟ ਦੀ ਡੀਲ ਨੂੰ ਰੱਦ ਕਰ ਦਿੱਤਾ ਹੈ। ਆਸਟ੍ਰੇਲੀਆ ਨੇ ਚੀਨ ਸਮੇਤ ਈਰਾਨ ਅਤੇ ਸੀਰੀਆ ਦੇ ਚਾਰ ਦੁਵੱਲੇ ਸੌਦਿਆਂ ਨੂੰ ਵੀ ਨਵੇਂ ਬਣਾਏ ਗਏ ਕਾਨੂੰਨ ਤਹਿਤ ਰੱਦ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਇਸ ਕਦਮ ਨਾਲ ਚੀਨ ਨਾਲ ਉਸ ਦਾ ਤਣਾਅ ਵੱਧ ਗਿਆ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੀ ਸਰਕਾਰ ਨੇ ਬੁੱਧਵਾਰ ਨੂੰ ਜਾਰੀ ਇਕ ਆਦੇਸ਼ 'ਚ ਵਿਕਟੋਰੀਆ ਸੂਬੇ ਦੀ ਸਰਕਾਰ ਅਤੇ ਨੈਸ਼ਨਲ ਡਿਵੈਲਪਮੈਂਟ ਐਂਡ ਰਿਫਾਰਮ ਕਮਿਸ਼ਨ ਆਫ ਚਾਈਨਾ ਵਿਚਾਲੇ ਹੋਏ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਸਬੰਧੀ ਕੀਤੇ ਗਏ ਕਰਾਰ ਨੂੰ ਖ਼ਤਮ ਕਰ ਦਿੱਤਾ। ਇਸ ਨੂੰ ਕੇਂਦਰ ਸਰਕਾਰ ਨੇ ਕੌਮੀ ਹਿੱਤਾਂ ਖ਼ਿਲਾਫ਼ ਮੰਨਿਆ ਹੈ। ਇਹ ਸਮਝੌਤਾ 8 ਅਕਤੂਬਰ 2018 ਨੂੰ ਹੋਇਆ ਸੀ।

ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਿਜ ਪਾਇਨੇ ਨੇ ਦੱਸਿਾ ਕਿ ਬੀਆਰਆਈ ਡੀਲ ਨਿਊ ਫਾਰੇਨ ਵੀਟੋ ਲਾਅ ਤਹਿਤ ਕੇਂਦਰ ਸਰਕਾਰ ਨੇ ਖ਼ਤਮ ਕੀਤੀ ਹੈ। ਇਹ ਕਾਨੂੰਨ 2018 'ਚ ਬਣਾਇਆ ਗਿਆ ਸੀ। ਉਸ ਸਮੇਂ ਚੀਨ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ ਸੀ ਕਿ ਇਹ ਕਾਨੂੰਨ ਚੀਨ ਨਾਲ ਮਾੜੀ ਭਾਵਨਾ ਤਹਿਤ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਵਿਕਟੋਰੀਆ ਸੂਬੇ ਦੇ ਸਿੱਖਿਆ ਵਿਭਾਗ ਨੇ 1999 'ਚ ਸੀਰੀਆ ਅਤੇ 2004 'ਚ ਈਰਾਨ ਨਾਲ ਸਮਝੌਤਾ ਕੀਤਾ ਸੀ। ਇਨ੍ਹਾਂ ਦੋਵਾਂ ਨੂੰ ਵੀ ਕੇਂਦਰ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਸਰਕਾਰ ਨੇ ਕੁੱਲ ਚਾਰ ਅਜਿਹੇ ਸਮਝੌਤੇ ਰੱਦ ਕੀਤੇ ਹਨ।

ਚੀਨ ਅਤੇ ਆਸਟ੍ਰੇਲੀਆ ਦੇ ਸਬੰਧ ਪਿਛਲੇ ਸਾਲ ਅਪ੍ਰਰੈਲ ਤੋਂ ਹੀ ਖ਼ਰਾਬ ਹੋਣ ਲੱਗੇ ਸਨ, ਜਦੋਂ ਕੋਰੋਨਾ ਵਾਇਰਸ ਦੇ ਪੈਦਾ ਹੋਣ ਦੇ ਮਾਮਲੇ ਸਬੰਧੀ ਆਸਟ੍ਰੇਲੀਆ ਨੇ ਕੌਮਾਂਤਰੀ ਪੱਧਰ 'ਤੇ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਚੀਨ ਨੇ ਆਸਟ੍ਰੇਲੀਆ ਬਰਾਮਦ ਕੀਤੇ ਜਾਣ ਵਾਲੇ ਕਈ ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਾਲੇ ਟਰੇਡ ਵਾਰ ਸ਼ੁਰੂ ਹੈ।