ਸਿਡਨੀ (ਰਾਇਟਰ) : ਆਸਟ੍ਰੇਲੀਆ ਵਿਚ ਹਾਲ ਹੀ ਦੇ ਮਹੀਨਿਆਂ ਵਿਚ ਸਾਈਬਰ ਹਮਲੇ ਵੱਧ ਗਏ ਹਨ। ਇਨ੍ਹਾਂ ਹਮਲਿਆਂ ਦੇ ਪਿੱਛੇ ਚੀਨ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਹ ਹਮਲੇ ਅਜਿਹੇ ਸਮੇਂ ਤੇਜ਼ ਹੋਏ ਹਨ ਜਦੋਂ ਆਸਟ੍ਰੇਲੀਆ ਕਈ ਵਾਰ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਜਾਂਚ ਕਰਵਾਉਣ ਦੀ ਮੰਗ ਕਰ ਚੁੱਕਾ ਹੈ। ਹਾਲਾਂਕਿ ਚੀਨ ਨੂੰ ਇਹ ਮੰਗ ਪਸੰਦ ਨਹੀਂ ਆਈ ਅਤੇ ਉਸ ਨੇ ਦਬਾਅ ਬਣਾਉਣ ਲਈ ਆਸਟ੍ਰੇਲੀਆ ਤੋਂ ਦਰਾਮਦ ਹੋਣ ਵਾਲੇ ਕੁਝ ਸਾਮਾਨ 'ਤੇ ਰੋਕ ਲਗਾ ਦਿੱਤੀ।

ਆਸਟ੍ਰੇਲਿਆਈ ਸਰਕਾਰ ਦੇ ਤਿੰਨ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਈਬਰ ਹਮਲਿਆਂ ਲਈ ਚੀਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਕ ਸੂਤਰ ਨੇ ਕਿਹਾ ਕਿ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਹਮਲਿਆਂ ਦੇ ਪਿੱਛੇ ਚੀਨ ਦਾ ਹੱਥ ਹੈ। ਇਧਰ, ਚੀਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਹਮਲਿਆਂ ਵਿਚ ਆਪਣੇ ਦੇਸ਼ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਸਾਰੇ ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਦਿ੍ੜ੍ਹਤਾ ਨਾਲ ਵਿਰੋਧ ਕਰਦਾ ਹੈ। ਇਸ ਤੋਂ ਪਹਿਲੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਈ ਜਟਿਲ ਵਿਦੇਸ਼ੀ ਤੱਤ ਸਰਕਾਰੀ, ਰਾਜਨੀਤਕ ਪਾਰਟੀਆਂ, ਜ਼ਰੂਰੀ ਸੇਵਾ ਪ੍ਰਦਾਨ ਕਰਨ ਵਾਲਿਆਂ ਅਤੇ ਅਹਿਮ ਢਾਂਚਾਗਤ ਸੰਚਾਲਕਾਂ ਦੇ ਡਾਟਾ ਨੂੰ ਹੈਕ ਕਰਨ ਦਾ ਯਤਨ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਆਸਟ੍ਰੇਲੀਆ ਕਿਸ ਨੂੰ ਜ਼ਿੰਮੇਵਾਰ ਮੰਨਦਾ ਹੈ। ਆਸਟ੍ਰੇਲੀਆ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਹਾਲੀਆ ਸਾਈਬਰ ਹਮਲਿਆਂ ਅਤੇ ਪਿਛਲੇ ਸਾਲ ਮਾਰਚ ਵਿਚ ਸੰਸਦ ਅਤੇ ਤਿੰਨ ਰਾਜਨੀਤਕ ਪਾਰਟੀਆਂ 'ਤੇ ਹੋਏ ਹਮਲਿਆਂ ਵਿਚਕਾਰ ਸਮਾਨਤਾ ਪਾਈ ਗਈ ਹੈ। ਇਨ੍ਹਾਂ ਹਮਲਿਆਂ ਲਈ ਵੀ ਚੀਨ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ। ਹਾਲਾਂਕਿ ਆਸਟ੍ਰੇਲੀਆ ਨੇ ਕਦੇ ਵੀ ਖੁੱਲ੍ਹ ਕੇ ਹਮਲੇ ਦੇ ਸਰੋਤ ਦੀ ਪਛਾਣ ਜ਼ਾਹਿਰ ਨਹੀਂ ਕੀਤੀ।