ਸਿਡਨੀ (ਰਾਇਟਰ) : ਆਸਟ੍ਰੇਲੀਆ ਨੇ ਬੀਜਿੰਗ ਵਿਚ ਗਿ੍ਫ਼ਤਾਰ ਕੀਤੇ ਗਏ ਚੀਨੀ ਮੂਲ ਦੇ ਆਸਟ੍ਰੇਲੀਆਈ ਪੱਤਰਕਾਰ ਨਾਲ ਹੋ ਰਹੇ ਵਤੀਰੇ ਦੀ ਸੋਮਵਾਰ ਨੂੰ ਆਲੋਚਨਾ ਕੀਤੀ ਅਤੇ ਉਨ੍ਹਾਂ ਉੱਪਰ ਚਲਾਏ ਜਾ ਰਹੇ ਕੇਸ ਦਾ ਵੇਰਵਾ ਮੰਗਿਆ। ਉਥੇ ਚੀਨ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿਚ ਕਾਨੂੰਨ ਦਾ ਪਾਲਣ ਕੀਤਾ ਜਾ ਰਿਹਾ ਹੈ। ਚੀਨ ਦੇ ਸਾਬਕਾ ਡਿਪਲੋਮੈਟ ਅਤੇ ਆਨਲਾਈਨ ਪੱਤਰਕਾਰ ਤੇ ਬਲਾਗਰ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਸ਼ੱਕ ਵਿਚ ਬੀਤੇ ਅਗਸਤ ਮਹੀਨੇ ਵਿਚ ਰਸਮੀ ਤੌਰ 'ਤੇ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੱਤ ਮਹੀਨਿਆਂ ਤਕ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਦੱਖਣੀ ਸ਼ਹਿਰ ਗਵਾਂਗਝੂ ਵਿਚ ਹਿਰਾਸਤ 'ਚ ਰੱਖਿਆ ਗਿਆ ਸੀ। ਜਾਸੂਸੀ 'ਚ ਦੋਸ਼ੀ ਪਾਏ ਜਾਣ 'ਤੇ ਚੀਨ ਵਿਚ ਮੌਤ ਦੀ ਸਜ਼ਾ ਦੀ ਤਜਵੀਜ਼ ਹੈ।

ਕੈਨਬਰਾ 'ਚ ਮੀਡੀਆ ਨਾਲ ਗੱਲਬਾਤ ਵਿਚ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ, ਆਸਟ੍ਰੇਲੀਆਈ ਨਾਗਰਿਕ ਦਾ ਹਿੱਤ ਸਾਡੀ ਸਰਵਉੱਚ ਤਰਜੀਹ ਹੈ। ਅਸੀਂ ਯਾਂਗ ਖ਼ਿਲਾਫ਼ ਚਲਾਏ ਜਾ ਰਹੇ ਮਾਮਲੇ ਦਾ ਵੇਰਵਾ ਦੇਖਣਾ ਚਾਹੁੰਦੇ ਹਾਂ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਆਪਣੇ ਵਕੀਲਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਸਕਣ। ਵਿਦੇਸ਼ ਮੰਤਰੀ ਮੈਰਿਸ ਪੈਨੇ ਨੇ ਕਿਹਾ ਕਿ ਆਸਟ੍ਰੇਲੀਆਈ ਮਹਾਵਣਜ ਦੂਤਘਰ ਦੇ ਅਧਿਕਾਰੀ ਕੁਝ ਸਮੇਂ ਪਹਿਲਾਂ ਯਾਂਗ ਨੂੰ ਮਿਲੇ ਸਨ। ਉਨ੍ਹਾਂ ਯਾਂਗ ਦੀ ਜਿਹੜੀ ਸਥਿਤੀ ਦੱਸੀ ਸੀ, ਉਹ ਸਵੀਕਾਰ ਕਰਨ ਯੋਗ ਨਹੀਂ ਹੈ।

ਆਸਟ੍ਰੇਲੀਆ ਦੀ ਇਸ ਪ੍ਰਤੀਕਿਰਿਆ 'ਤੇ ਚੀਨ ਦੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਿਯੰਗ ਨੇ ਬੀਜਿੰਗ ਵਿਚ ਕਿਹਾ ਕਿ ਸਾਡੀਆਂ ਅਦਾਲਤਾਂ ਕਾਨੂੰਨ ਮੁਤਾਬਕ ਕੰਮ ਕਰਦੀਆਂ ਹਨ। ਅਸੀਂ ਉਨ੍ਹਾਂ ਦੇ ਵੈਧ ਅਧਿਕਾਰਾਂ ਅਤੇ ਹਿੱਤਾਂ ਦੀ ਪੂਰੀ ਗਾਰੰਟੀ ਦਿੰਦੇ ਹਾਂ। ਯਾਂਗ ਸਿਹਤਮੰਦ ਹਨ ਅਤੇ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਤਸ਼ੱਦਦ ਨਹੀਂ ਕੀਤਾ ਗਿਆ ਹੈ।