ਕੈਨਬਰਾ (ਆਈਏਐੱਨਐੱਸ) : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੀ ਵਿਧਾਇਕਾ ਨੇ ਵੀ ਵੀਰਵਾਰ ਨੂੰ ਗਰਭਪਾਤ ਸਬੰਧੀ ਨਵੇਂ ਕਾਨੂੰਨ 'ਤੇ ਮੋਹਰ ਲਗਾ ਦਿੱਤੀ। ਇਸਦੇ ਨਾਲ ਹੀ ਪੂਰੇ ਆਸਟ੍ਰੇਲੀਆ 'ਚ ਗਰਭਪਾਤ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਦੇਸ਼ 'ਚ ਇਸ ਤੋਂ ਪਹਿਲਾਂ ਤਕ ਗਰਭਪਾਤ ਗ਼ੈਰ ਕਾਨੂੰਨੀ ਸੀ। ਇਸ ਅਪਰਾਧ ਲਈ 10 ਸਾਲ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਸੀ। ਇਹ ਕਾਨੂੰਨ ਪਿਛਲੇ 119 ਸਾਲ ਤੋਂ ਪ੍ਰਭਾਵੀ ਸੀ। ਨਵੇਂ ਕਾਨੂੰਨ ਤਹਿਤ ਅੌਰਤਾਂ ਉਦੋਂ ਆਪਣੀ ਇੱਛਾ ਨਾਲ ਕਿਸੇ ਰਜਿਸਟਰਡ ਡਾਕਟਰ ਦੀ ਨਿਗਰਾਨੀ 'ਚ 22 ਹਫ਼ਤੇ ਤਕ ਦੇ ਆਪਣੇ ਗਰਭ ਨੂੰ ਖ਼ਤਮ ਸਕਣਗੀਆਂ। ਜਦਕਿ ਇਸ ਤੋਂ ਜ਼ਿਆਦਾ ਸਮੇਂ ਦੇ ਗਰਭਪਾਤ ਲਈ ਉਨ੍ਹਾਂ ਨੂੰ ਦੋ ਡਾਕਟਰਾਂ ਦੀ ਸਹਿਮਤੀ ਲੈਣਾ ਜ਼ਰੂਰੀ ਕੀਤਾ ਗਿਆ ਹੈ। ਆਸਟ੍ਰੇਲੀਆਈ ਮੀਡੀਆ ਮੁਤਾਬਕ, ਨਿਊ ਸਾਊਥ ਵੇਲਸ ਦੀ ਵਿਧਾਇਕਾ 'ਚ ਕਰੀਬ 70 ਘੰਟੇ ਤਕ ਚੱਲੀ ਬਹਿਸ ਤੋਂ ਬਾਅਦ ਗਰਭਪਾਤ ਨੂੰ ਗ਼ੈਰ ਅਪਰਾਧਿਕ ਕਾਰਾ ਕਰਾਰ ਦੇਣ ਸਬੰਧੀ ਬਿੱਲ ਪਾਸ ਕਰ ਦਿੱਤਾ ਗਿਆ। ਵਿਧਾਇਕਾ ਦੇ ਜ਼ਿਆਦਾਤਰ ਮੈਂਬਰਾਂ ਨੇ ਨਵੀਂ ਵਿਵਸਥਾ ਦੇ ਹੱਕ 'ਚ ਮਤਦਾਨ ਕੀਤਾ। ਇਸ ਕਦਮ ਦਾ ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਾਟ ਸਮੇਤ ਕੁਝ ਕੰਜ਼ਰਵੇਟਿਵ ਤੇ ਧਾਰਮਿਕ ਸਮੂਹਾਂ ਨੇ ਵਿਰੋਧ ਕੀਤਾ ਹੈ। ਇਹ ਬਿੱਲ ਆਜ਼ਾਦ ਮੈਂਬਰ ਐਲੇਕਸ ਗ੍ਰੀਨਵਿਚ ਨੇ ਪੇਸ਼ ਕੀਤਾ ਸੀ। ਉਨ੍ਹਾਂ ਨੇ ਆਪਣੇ ਬਿੱਲ ਦੀ ਹਮਾਇਤ ਕਰਨ ਲਈ ਸਾਥੀ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਇਸ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ।