Australia Rat Plague 2021 : ਸਿਡਨੀ : ਕੋਰੋਨਾ ਮਹਾਮਾਰੀ ਦੌਰਾਨ ਆਸਟ੍ਰੇਲੀਆ 'ਚ ਹੁਣ ਸਰਕਾਰ 'ਤੇ ਪਲੇਗ ਮਹਾਮਾਰੀ ਦਾ ਵੀ ਖ਼ਤਰਾ ਮੰਡਰਾ ਰਿਹਾ ਹੈ। ਪੂਰੀ ਦੁਨੀਆ ਜਿੱਥੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਆਸਟ੍ਰੇਲੀਆ ਦੇ ਲੋਕਾਂ 'ਚ ਚੂਹਿਆਂ ਦੀ ਵਧਦੀ ਗਿਣਤੀ ਤੋਂ ਪਰੇਸ਼ਾਨ ਹੈ ਤੇ ਪਲੇਗ ਬਿਮਾਰੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਆਸਟ੍ਰੇਲੀਆ ਦੀਆਂ ਫੈਕਟਰੀਆਂ ਤੇ ਖੇਤਾਂ 'ਚ ਲੱਖਾਂ ਦੀ ਗਿਣਤੀ 'ਚ ਚੂਹੇ ਹੋ ਗਏ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਇੱਥੇ ਲੋਕ ਇਨ੍ਹੀਂ ਦਿਨੀਂ ਚੂਹਿਆਂ ਦੀ ਬੇਤਹਾਸ਼ਾ ਆਬਾਦੀ ਕਾਰਨ ਘਬਰਾਏ ਹੋਏ ਹਨ। ਆਸਟ੍ਰੇਲੀਆ ਦੇ ਪੂਰਬੀ ਇਲਾਕਿਆਂ 'ਚ ਤਾਂ ਇਨ੍ਹਾਂ ਚੂਹਿਆਂ ਨੇ ਖੇਤਾਂ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਹੀ ਅਨਾਜਾਂ ਨਾਲ ਭਰੇ ਗੁਦਾਮਾਂ ਨੂੰ ਵੀ ਖਾ ਗਏ ਹਨ।

ਪੂਰਬੀ ਆਸਟ੍ਰੇਲੀਆ 'ਚ ਪਲੇਗ ਮਹਾਮਾਰੀ ਦਾ ਖ਼ਤਰਾ

ਇੱਥੇ ਚੂਹਿਆਂ ਦੀ ਗਿਣਤੀ ਹੁਣ ਏਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਦੇ ਘਰਾਂ, ਹਸਪਤਾਲਾਂ, ਗੁਦਾਮਾਂ ਤੇ ਸਰਕਾਰੀ ਦਫ਼ਤਰਾਂ 'ਚ ਵੀ ਹਰ ਕਿਤੇ ਚੂਹੇ ਨਜ਼ਰ ਆ ਰਹੇ ਹਨ। ਆਸਟ੍ਰੇਲੀਆ ਸਰਕਾਰ ਹੁਣ ਇਨ੍ਹਾਂ ਚੂਹਿਆਂ ਨੂੰ ਮਾਰਨ ਲਈ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਹੀ ਹੈ ਤੇ ਨਾਲ ਹੀ ਚੂਹਿਆਂ ਕਾਰਨ ਪ੍ਰਭਾਵਿਤ ਲੋਕਾਂ ਦੀ ਰਾਹਤ ਲਈ 353 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ।

ਜਾਣੋ ਚੂਹਿਆਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

  • ਚੂਹਿਆਂ ਦੇ ਦੰਦ ਹਰ ਸਾਲ 4-5 ਇੰਚ ਵਧ ਜਾਂਦੇ ਹਨ, ਜੇਕਰ ਉਹ ਕਿਸੇ ਚੀਜ਼ ਨੂੰ ਕੁਤਰ ਕੇ ਆਪਣੇ ਦੰਦਾਂ ਨੂੰ ਛੋਟਾ ਨਾ ਕਰਨ ਤਾਂ ਉਨ੍ਹਾਂ ਦੇ ਜਬਾੜੇ ਏਨੇ ਵੱਡੇ ਹੋ ਜਾਣਗੇ ਕਿ ਬਿਨਾਂ ਕੁਝ ਖਾਧੇ ਮਰ ਜਾਣਗੇ।
  • ਫਰਾਂਸ ਨੇ ਪੁਲਾੜ ਪ੍ਰੋਗਰਾਮ ਦੌਰਾਨ ਸਾਲ 1961 'ਚ ਇਕ ਚੂਹੇ ਨੂੰ ਪੁਲਾੜ ਭੇਜਿਆ ਸੀ, ਜਿਸ ਦਾ ਨਾਂ ਸੀ Hector, ਜੋ ਸੁਰੱਖਿਅਤ ਧਰਤੀ 'ਤੇ ਵਾਪਸ ਵੀ ਪਰਤਿਆ ਸੀ।
  • ਚੂਹੇ ਦੀਆਂ ਹੱਡੀਆਂ ਕਾਫੀ ਲਚੀਲੀਆਂ ਹੁੰਦੀਆਂ ਹਨ। ਜੇਕਰ 50 ਫੁੱਟ ਦੀ ਉਚਾਈ ਤੋਂ ਵੀ ਚੂਹੇ ਛਾਲ ਮਾਰਨ ਤਾਂ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ।
  • ਚੂਹਾ ਪਲੇਗ ਸਮੇਤ 35 ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦਾ ਹੈ। ਚੂਹੇ ਨੂੰ ਬਿਮਾਰੀ ਫੈਲਾਉਣ ਵਾਲਾ ਸੁਪਰ ਸਪਰੈੱਡਰ ਮੰਨਿਆ ਜਾਂਦਾ ਹੈ।
  • ਰੇਗਿਸਤਾਨ 'ਚ ਪਾਇਆ ਜਾਣ ਵਾਲਾ ਕੰਗਾਰੂ ਚੂਹਾ ਜੀਵਨ ਭਰ ਪਾਣੀ ਨਹੀਂ ਪੀਂਦਾ, ਯਾਨੀ ਇਹ ਬਿਨਾਂ ਪਾਣੀ ਪੀਤੇ ਜ਼ਿੰਦਾ ਰਹਿ ਸਕਦਾ ਹੈ।
  • ਚੂਹਾ 3 ਦਿਨ ਤਕ ਲਗਾਤਾਰ ਪਾਣੀ ਵਿਚ ਤੈਰ ਸਕਦਾ ਹੈ ਤੇ ਜੇਕਰ ਪਾਣੀ ਵਿਚ ਡੁੱਬ ਵੀ ਜਾਵੇ ਤਾਂ 30 ਮਿੰਟ ਤਕ ਆਪਣਾ ਸਾਹ ਰੋਕ ਸਕਦਾ ਹੈ।

  • ਚੂਹੇ ਜ਼ਮੀਨ ਦੇ ਅੰਦਰ ਲੈਂਡ ਮਾਈਨਸ ਲੱਭਣ 'ਚ ਵੀ ਮਦਦ ਕਰਦੇ ਹਨ। ਨਾਲ ਹੀ ਜੇਕਰ ਟ੍ਰੇਨਿੰਗ ਦਿੱਤੀ ਜਾਵੇ ਤਾਂ ਨਾਂ ਵੀ ਯਾਦ ਰੱਖ ਸਕਦੇ ਹਨ।
  • ਦੁਨੀਆ 'ਚੋਂ ਜੇਕਰ ਸਾਰੇ ਚੂਹੇ ਖ਼ਤਮ ਕਰ ਦਿੱਤੇ ਜਾਣ ਤਾਂ ਇਨਸਾਨਾਂ ਦੀ ਹੋਂਦ ਖ਼ਤਰੇ 'ਚ ਪੈ ਜਾਵੇਗੀ ਕਿਉਂਕਿ ਸਾਰੀਆਂ ਦਵਾਈਆਂ ਦਾ ਪ੍ਰੀਖਣ ਚੂਹਿਆਂ 'ਤੇ ਹੀ ਕੀਤਾ ਜਾਂਦਾ ਹੈ। ਅਸਲ ਵਿਚ ਚੂਹਿਆਂ ਦੇ ਦਿਮਾਗ਼ ਦੀ ਬਨਾਵਟ ਤੇ ਉਨ੍ਹਾਂ ਦਾ ਸੁਭਾਅ ਇਨਸਾਨਾਂ ਨਾਲ ਕਾਫੀ ਮਿਲਦਾ-ਜੁਲਦਾ ਹੈ। ਚੂਹੇ ਦਾ ਦਿਲ 1 ਮਿੰਟ 'ਚ 632 ਵਾਰ ਧੜਕਦਾ ਹੈ ਜਦਕਿ ਇਨਸਾਨਾਂ ਦਾ ਦਿਲ 60 ਤੋਂ 100 ਵਾਰ ਧੜਕਦਾ ਹੈ।

ਦੁਨੀਆ ਭਰ ਵਿਚ ਚੂਹਿਆਂ ਦੀ ਆਬਾਦੀ 2000 ਕਰੋੜ

ਇਕ ਅਨੁਮਾਨ ਮੁਤਾਬਿਕ ਪੂਰੀ ਦੁਨੀਆ 'ਚ ਚੂਹਿਆਂ ਦੀਆਂ ਕਰੀਬ 64 ਪ੍ਰਜਾਤੀਆਂ ਹਨ ਤੇ ਦੁਨੀਆਭਰ ਵਿਚ ਚੂਹਿਆਂ ਦੀ ਆਬਾਦੀ ਵੀ ਲਗਪਗ 2 ਹਜ਼ਾਰ ਕਰੋੜ ਹੈ ਜਦਕਿ ਮਨੁੱਖ ਦੀ ਕੁੱਲ ਆਬਾਦੀ ਪੂਰੀ ਦੁਨੀਆ ਵਿਚ 790 ਕਰੋੜ ਹੈ, ਯਾਨੀ ਮਨੁੱਖਾਂ ਦੀ ਆਬਾਦੀ ਤੋਂ ਦੋ ਗੁਣਾ ਜ਼ਿਆਦਾ ਚੂਹੇ ਸਾਡੇ ਵਿਚਕਾਰ ਹਨ। ਚੂਹੇ ਹਰ ਸਾਲ 24 ਲੱਖ ਤੋਂ 2 ਕਰੋੜ 60 ਲੱਖ ਟਨ ਤਕ ਅਨਾਜ ਖਾ ਜਾਂਦੇ ਹਨ।

Posted By: Seema Anand