ਸਿਡਨੀ (ਏਜੰਸੀ) : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਿਛਲੇ ਮਹੀਨੇ ਫੋਨ 'ਤੇ ਹੋਈ ਗੱਲਬਾਤ 'ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਨਾਲ ਫ਼ੋਨ 'ਤੇ ਥੋੜ੍ਹੀ ਤੇ ਸਪੱਸ਼ਟ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਕੋਈ ਦਬਾਅ ਨਹੀਂ ਬਣਾਇਆ ਸੀ। ਟਰੰਪ ਨੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖ਼ਲ ਮਾਮਲੇ ਦੀ ਜਾਂਚ 'ਚ ਆਸਟ੍ਰੇਲੀਆ ਤੋਂ ਮਦਦ ਮੰਗਣ ਲਈ ਫ਼ੋਨ ਕੀਤਾ ਸੀ। ਅਮਰੀਕਾ ਦੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਇਸ ਮਾਮਲੇ ਦੀ ਜਾਂਚ ਪੂਰੀ ਕਰ ਕੇ ਪਿਛਲੀ ਮਾਰਚ ਵਿਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ। ਨਿਆਂ ਵਿਭਾਗ ਇਸ ਮਾਮਲੇ ਵਿਚ ਹੋਰ ਜਾਂਚ ਕਰ ਰਿਹਾ ਹੈ।

ਸਥਾਨਕ ਮੀਡੀਆ ਅਨੁਸਾਰ, ਮੌਰੀਸਨ ਨੇ ਟਰੰਪ ਨਾਲ ਫ਼ੋਨ 'ਤੇ ਹੋਈ ਗੱਲ ਨੂੰ ਲੈ ਕੇ ਬੁੱਧਵਾਰ ਨੂੰ ਪਹਿਲੀ ਵਾਰ ਕਿਹਾ, 'ਬੇਹੱਦ ਥੋੜ੍ਹੀ ਤੇ ਸਪੱਸ਼ਟ ਗੱਲ ਹੋਈ ਸੀ ਅਤੇ ਅਜਿਹਾ ਕੁਝ ਨਹੀਂ ਸੀ, ਜਿਸ ਨੂੰ ਮੈਂ ਦਬਾਅ ਬਣਾਉਣ ਵਾਲਾ ਦੱਸ ਸਕਾਂ। ਰਾਸ਼ਟਰਪਤੀ ਨੇ ਆਸਟ੍ਰੇਲੀਆਈ ਸਰਕਾਰ ਅਤੇ ਅਮਰੀਕੀ ਅਟਾਰਨੀ ਦੇ ਵਿਚਕਾਰ ਸੰਪਰਕ ਲਈ ਮੈਨੂੰ ਫੋਨ ਕੀਤਾ ਸੀ। ਮੈਂ ਖ਼ੁਸ਼ ਹਾਂ ਕਿਉਂਕਿ ਅਸੀਂ ਅਜਿਹਾ ਕਰਨ ਲਈ ਪਹਿਲਾ ਹੀ ਵਚਨਬੱਧਤਾ ਪ੍ਰਗਟਾ ਚੁੱਕੇ ਹਾਂ' ਅਮਰੀਕਾ ਦੇ ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਆਪਣੀ ਖ਼ਬਰ ਵਿਚ ਦੱਸਿਆ ਸੀ ਕਿ ਟਰੰਪ ਨੇ ਫ਼ੋਨ ਕਰ ਕੇ ਮੌਰੀਸਨ ਨੂੰ ਅਮਰੀਕੀ ਅਟਾਰਨੀ ਵਿਲੀਅਮ ਬਾਰ ਤੇ ਨਿਆਂ ਵਿਭਾਗ ਦੀ ਜਾਂਚ 'ਚ ਸਹਿਯੋਗ ਲਈ ਕਿਹਾ ਹੈ। ਟਰੰਪ ਨੂੰ ਉਮੀਦ ਹੈ ਕਿ ਇਸ ਜਾਂਚ ਨਾਲ ਮੂਲਰ ਦੀ ਰਿਪੋਰਟ ਹੋਰ ਭਰੋਸੇਯੋਗ ਹੋ ਜਾਵੇਗੀ।

ਜਾਂਚ 'ਚ ਆਸਟ੍ਰੇਲੀਆਈ ਕੁਨੈਕਸ਼ਨ

ਮੂਲਰ ਦੀ ਜਾਂਚ 'ਚ ਆਸਟ੍ਰੇਲੀਆ ਦੇ ਸਾਬਕਾ ਵਿਦੇਸ਼ ਮੰਤਰੀ ਅਲੈਕਜੈਂਡਰ ਡਾਊਨਰ ਦੇ ਕਾਰਨ ਰਫ਼ਤਾਰ ਆਈ ਸੀ। 2016 ਵਿਚ ਡਾਊਨਰ ਬਿ੍ਟੇਨ ਵਿਚ ਆਸਟ੍ਰੇਲੀਆ ਦੇ ਰਾਜਨਾਇਕ ਸਨ। ਉਸ ਸਮੇਂ ਡਾਊਨਰ ਨੇ ਟਰੰਪ ਦੀ ਚੋਣ ਮੁਹਿੰਮ ਦੇ ਕਰੀਬੀ ਸਹਿਯੋਗੀ ਰਹੇ ਜਾਰਜ ਪਾਪਾਡੋਪੋਲੋਸ ਨੂੰ ਕਥਿਤ ਰੂਪ ਨਾਲ ਕਿਹਾ ਸੀ ਕਿ ਰੂਸ ਕੋਲ ਹਿਲੇਰੀ ਕਿਲੰਟਨ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਹੈ। ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਟਰੰਪ ਦੀ ਵਿਰੋਧੀ ਸੀ।