ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ ਦੇ ਪੱਛਮੀ ਸੂਬੇ ਦੇ ਪ੍ਰੀਮੀਅਰ ਮਾਰਕ ਮੈਕਗ੍ਰਾਊਨ ਨੇ ਦੋਸ਼ ਲਗਾਇਆ ਹੈ ਕਿ ਭਾਰਤ 'ਚ ਹੋਣ ਵਾਲੀ ਕੋਰੋਨਾ ਟੈਸਟਿੰਗ ਭਰੋਸੇਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਦਾ ਦੁਬਾਰਾ ਕੋਰੋਨਾ ਟੈਸਟ ਕਰਵਾਏ ਜਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਟੈਸਟ ਰਿਪੋਰਟ ਭਰੋਸੇਮੰਦ ਨਾ ਹੋਣ ਕਾਰਨ ਇਹ ਕੋਰੋਨਾ ਤੋਂ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਵੀ ਹੈ।

ਪੱਛਮੀ ਆਸਟ੍ਰੇਲੀਆ 'ਚ ਭਾਰਤ ਤੋਂ ਆਏ ਚਾਰ ਯਾਤਰੀਆਂ ਜਦੋਂ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲੇ। ਉਨ੍ਹਾਂ ਨੂੰ ਪਰਥ 'ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਫਲਾਈਟ 'ਚ 79 ਯਾਤਰੀ ਸਨ, ਇਨ੍ਹਾਂ 'ਚੋਂ 78 ਭਾਰਤੀ ਹਨ। ਹੁਣ ਇਨ੍ਹਾਂ ਯਾਤਰੀਆਂ 'ਚੋਂ ਕੋਰੋਨਾ ਪਾਜ਼ੇਟਿਵ ਹੋਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਮਾਮਲੇ ਤੋਂ ਬਾਅਦ ਅਧਿਕਾਰੀ ਅਲਰਟ ਹੋ ਗਏ ਹਨ ਕਿਉਂਕਿ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ ਭਾਰਤ ਤੋਂ ਹੀ ਹੈ।

ਮੈਕਗ੍ਰਾਊਨ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਰਿਪੋਰਟ 'ਤੇ ਹੁਣ ਭਰੋਸਾ ਕਰਨਾ ਮੁਸ਼ਕਲ ਹੈ। ਅਜਿਹੀ ਹਾਲਤ 'ਚ ਸਾਨੂੰ ਹੋਰ ਚੌਕਸ ਰਹਿਣਾ ਪਵੇਗਾ।

ਆਸਟ੍ਰੇਲੀਆ ਦੀ ਗ੍ਹਿ ਮੰਤਰੀ ਕਰੇਨ ਐਂਡ੍ਊਜ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਦੇ ਹਾਲਾਤ ਭਿਆਨਕ ਹਨ। ਅਸੀਂ ਉੱਥੇ ਸਹਾਇਤਾ ਲਈ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਸਾਡੀ ਜ਼ਿੰਮੇਵਾਰੀ ਆਪਣੇ ਨਾਗਰਿਕਾਂ ਨੂੰ ਪੂਰੀ ਸੁਰੱਖਿਆ ਦੇਣਾ ਹੈ।