ਸਿਡਨੀ (ਏਐੱਫਪੀ) : ਆਸਟ੍ਰੇਲੀਆ ਦੀ ਸੰਸਦੀ ਖ਼ੁਫ਼ੀਆ ਕਮੇਟੀ ਦੇ ਮੁਖੀ ਦੇ ਤਜਵੀਜ਼ਸ਼ੁਦਾ ਬੀਜਿੰਗ ਦੌਰੇ ਨੂੰ ਚੀਨ ਦੀ ਸਰਕਾਰ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਾਕਮ ਕਮਿਊਨਿਸਟ ਪਾਰਟੀ ਦੇ ਬਾਰੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਤੋਂ ਨਾਰਾਜ਼ ਹੋ ਕੇ ਚੀਨ ਨੇ ਇਹ ਕਦਮ ਚੁੱਕਿਆ ਹੈ। ਇਹ ਜਾਣਕਾਰੀ ਖ਼ੁਦ ਖ਼ੁਫ਼ੀਆ ਕਮੇਟੀ ਦੇ ਮੁਖੀ ਐਂਡਰਿਊ ਹੇਸਟੀ ਨੇ ਦਿੱਤੀ।

ਅਸਲ 'ਚ ਹੇਸਟੀ ਨੂੰ ਆਪਣੇ ਸਾਥੀ ਸਿਆਸਤਦਾਨ ਤੇ ਸੈਨੇਟਰ ਜੇਮਜ਼ ਪੈਰਟਰਸਨ ਨਾਲ ਅਗਲੇ ਮਹੀਨੇ ਇਕ ਅਧਿਐਨ ਦੌਰੇ 'ਤੇ ਚੀਨ ਜਾਣਾ ਸੀ ਪਰ ਚੀਨ ਨੇ ਦੋਵਾਂ ਦੇ ਦੇਸ਼ 'ਚ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਯਾਤਰਾ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਚਾਈਨਾ ਮੈਟਰਸ ਨੇ ਸ਼ੁੱਕਰਵਾਰ ਦੇਰ ਸ਼ਾਮ ਹੇਸਟੀ ਨੂੰ ਭੇਜੇ ਸੰਦੇਸ਼ 'ਚ ਕਿਹਾ, 'ਸਾਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਸਰਕਾਰ ਦੇ ਫ਼ੈਸਲੇ 'ਤੇ ਅਫ਼ਸੋਸ ਹੈ ਤੇ ਫਿਲਹਾਲ ਅਸੀਂ ਤੁਹਾਡੇ ਦੋਵਾਂ ਦਾ ਚੀਨ 'ਚ ਸਵਾਗਤ ਨਹੀਂ ਕਰ ਸਕਦੇ।' ਦੱਸਣਯੋਗ ਹੈ ਕਿ ਅਗਸਤ 'ਚ ਸਿਡਨੀ ਮਾਰਨਿੰਗ ਹੈਰਾਲਡ 'ਚ ਲਿਖੇ ਇਕ ਲੇਖ 'ਚ ਹੇਸਟੀ ਨੇ ਕਿਹਾ ਸੀ ਕਿ ਆਸਟ੍ਰੇਲੀਆ ਦੀ ਪ੍ਰਭੂਸੱਤਾ ਤੇ ਸੁਤੰਤਰਤਾ ਨੂੰ ਬੀਜਿੰਗ ਤੋਂ ਖ਼ਤਰਾ ਹੋ ਸਕਦਾ ਹੈ। ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ 'ਚ ਫਰਾਂਸ ਦੇ ਕੁਝ ਇਲਾਕੇ 'ਤੇ ਜਰਮਨੀ ਨੇ ਆਪਣਾ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਚੀਨ ਨਾਲ ਸਬੰਧਾਂ ਦਾ ਅਗਲਾ ਦਹਾਕਾ ਆਸਟ੍ਰੇਲੀਆ ਦੇ ਲੋਕਤੰਤਰੀ ਮੁੱਲਾਂ ਦਾ ਪ੍ਰੀਖਣ ਕਰੇਗਾ। ਉਨ੍ਹਾਂ ਦੀ ਇਸ ਟਿੱਪਣੀ ਨੂੰ ਆਸਟ੍ਰੇਲੀਆ ਸਥਿਤ ਚੀਨੀ ਦੂਤਘਰ ਨੇ ਸੀਤ ਯੁੱਧ ਦੀ ਮਾਨਸਿਕਤਾ ਤੇ ਵਿਚਾਰਕ ਹਊੁਮੇ ਤੋਂ ਗ੍ਸਤ ਦੱਸਿਆ ਸੀ।