ਸਿਡਨੀ (ਏਐੱਫਪੀ) : ਆਸਟੇ੍ਲੀਆ 'ਚ ਸਥਿਤ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਮੂੰਗਾ ਚੱਟਾਨਾਂ 'ਗ੍ਰੇਟ ਬੈਰੀਅਰ ਰੀਫ' ਖ਼ਰਾਬ ਤੋਂ ਹੁਣ ਬੇਹੱਦ ਖ਼ਰਾਬ ਸ਼੍ਰੇਣੀ 'ਚ ਪਹੁੰਚ ਗਈਆਂ ਹਨ। ਇਨ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰ ਅਧਿਕਾਰਕ ਆਸਟ੍ਰੇਲੀਆਈ ਏਜੰਸੀ ਗ੍ਰੇਟ ਬੈਰੀਅਰ ਰੀਫ ਮਰੀਨ ਪਾਰਕ ਅਥਾਰਟੀ (ਜੀਪੀਆਰਐੱਮਪੀਏ) ਨੇ ਇਕ ਰਿਪੋਰਟ 'ਚ ਸਮੁੰਦਰ ਦੇ ਵਧਦੇ ਤਾਪਮਾਨ ਨੂੰ ਇਸਦੇ ਲਈ ਜ਼ਿੰਮੇਵਾਰ ਦੱਸਿਆ ਹੈ। ਏਜੰਸੀ ਮੁਤਾਬਕ, ਜੇਕਰ ਛੇਤੀ ਤੋਂ ਛੇਤੀ ਇਸ ਨੂੰ ਬਚਾਉਣ ਦੇ ਉਪਾਅ ਨਹੀਂ ਹੋਏ ਤਾਂ ਭਵਿੱਖ 'ਚ ਕੁਈਨਜ਼ਲੈਂਡ ਦੇ ਕੋਰਲ ਸਾਗਰ ਸਥਿਤ 2300 ਕਿਲੋਮੀਟਰ ਲੰਬੀਆਂ ਮੂੰਗਾ ਦੀਆਂ ਇਨ੍ਹਾਂ ਚੱਟਾਨਾਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਜਾਵੇਗਾ। ਗ੍ਰੇਟ ਬੈਰੀਅਰ ਰੀਫ ਯੂਨੈਸਕੋ (ਸੰਯੁਕਤ ਰਾਸ਼ਟਰ ਦਾ ਵਿੱਦਿਅਕ, ਵਿਗਿਆਨਕ ਤੇ ਸੰਸਕ੍ਰਿਤਕ ਸੰਗਠਨ) ਦੀ ਕੌਮਾਂਤਰੀ ਧਰੋਹਰਾਂ ਦੀ ਸੂਚੀ 'ਚ ਸ਼ਾਮਲ ਹੈ।

ਜੀਪੀਆਰਐੱਮਪੀਏ ਨੇ ਰਿਪੋਰਟ 'ਚ ਕਿਹਾ ਹੈ, 'ਜਲਵਾਯੂ ਬਦਲਾਅ 'ਚ ਸਮੁੰਦਰ ਦਾ ਲਗਾਤਾਰ ਵਧਦਾ ਤਾਪਮਾਨ ਗ੍ਰੇਟ ਬੈਰੀਅਰ ਰੀਫ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਨੂੰ ਬਚਾਉਣ ਲਈ ਕੌਮਾਂਤਰੀ ਦੇ ਨਾਲ ਹੀ ਖੇਤਰੀ ਪੱਧਰ 'ਤੇ ਮਜ਼ਬੂਤ ਤੇ ਅਸਰਦਾਰ ਕਦਮ ਚੁੱਕੇ ਜਾਣ ਦੀ ਸਖ਼ਤ ਜ਼ਰੂਰਤ ਹੈ।' ਏਜੰਸੀ ਨੇ ਇਹ ਵੀ ਕਿਹਾ ਕਿ ਇਹ ਆਸਟ੍ਰੇਲੀਆ ਦੀ ਮੁੱਖ ਪਛਾਣ ਹੈ ਤੇ ਇਸ ਦੀ ਸਥਿਤੀ 'ਚ ਸੁਧਾਰ ਲਿਆਉਣਾ ਜ਼ਰੂਰੀ ਹੈ। ਇਸਦੇ ਲਈ ਜਲਵਾਯੂ ਤਬਦੀਲੀ ਨਾਲ ਮੁਕਾਬਲਾ ਕਰਨ ਦੇ ਨਾਲ ਹੀ ਗ੍ਰੇਟ ਬੈਰੀਅਰ ਰੀਫ ਦੇ ਖੇਤਰ 'ਚ ਪ੍ਰਦੂੁਸ਼ਕਾਂ ਦੇ ਵਹਾਅ 'ਤੇ ਰੋਕ ਲਾਉਣੀ ਜ਼ਰੂਰੀ ਹੈ।

ਜਲਵਾਯੂ ਤਬਦੀਲੀ ਨਾਲ ਨਜਿੱਠਣ ਦੇ ਕਦਮ ਚੁੱਕਣ ਦੀ ਬਜਾਏ ਕੋਲੇ ਦੀਆਂ ਖਾਨਾਂ ਤੇ ਬਰਾਮਦ ਸਨਅਤਾਂ ਨੂੰ ਬੜ੍ਹਾਵਾਦੇਣ ਲਈ ਆਸਟ੍ਰੇਲੀਆਈ ਸਰਕਾਰ ਹਮੇਸ਼ਾ ਹੀ ਵਾਤਾਵਰਨ ਮਾਹਿਰਾਂ ਦੇ ਨਿਸ਼ਾਨੇ 'ਤੇ ਰਹੀ ਹੈ। ਹਾਲੀਆ ਹੀ 'ਚ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਬੀਤੇ ਚਾਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਪਹਿਲੇ ਛੇ ਮਹੀਨੇ 'ਚ ਵੀ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ 'ਚ ਕੋਈ ਕਮੀ ਨਹੀਂ ਆਈ ਹੈ। ਸਰਕਾਰ ਹਾਲਾਂਕਿ ਕੌਮਾਂਤਰੀ ਮਾਪਦੰਡਾਂ ਮੁਤਾਬਕ ਗ੍ਰੀਨ ਹਾਊਸ ਗੈਸਾਂ ਤੇ ਕਾਰਬਨ ਨਿਕਾਸੀ ਨੂੰ ਕੰਟਰੋਲ ਕਰਨ 'ਤੇ ਜ਼ੋਰ ਦਿੰਦੀ ਰਹੀ ਹੈ। ਵਾਤਾਵਰਨ ਮੰਤਰੀ ਸੁਜ਼ੈਨ ਲੇ ਨੇ ਕਿਹਾ, 'ਰਿਪੋਰਟ 'ਚ ਜਲਵਾਯੂ ਤਬਦੀਲੀ ਨੂੰ ਗ੍ਰੇਟ ਬੈਰੀਅਰ ਰੀਫ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਗਿਆ ਹੈ। ਸਰਕਾਰ ਇਸ ਦਿਸ਼ਾ 'ਚ ਯਤਨਸ਼ੀਲ ਹੈ।'