ਸਿਡਨੀ (ਏਐੱਫਪੀ) : ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਅਮਰੀਕਾ ਵੱਲੋਂ ਏਸ਼ੀਆ 'ਚ ਮਿਜ਼ਾਈਲ ਤਾਇਨਾਤੀ ਦੇ ਐਲਾਨ ਮਗਰੋਂ ਆਸਟ੍ਰੇਲੀਆ ਨੇ ਆਪਣਾ ਰੁਖ਼ ਸਾਫ਼ ਕਰ ਦਿੱਤਾ ਹੈ। ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਅਮਰੀਕੀ ਮਿਜ਼ਾਈਲ ਤਾਇਨਾਤ ਨਹੀਂ ਹੋਣ ਦੇਵੇਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਕਿਹਾ, 'ਇਸ ਨੂੰ ਲੈ ਕੇ ਸਾਡੀ ਅਮਰੀਕਾ ਨਾਲ ਕੋਈ ਗੱਲ ਨਹੀਂ ਹੋਈ ਹੈ। ਇਹ ਮੁੱਦਾ ਗੱਲਬਾਤ 'ਚ ਸਾਡੇ ਸਾਹਮਣੇ ਨਹੀਂ ਰੱਖਿਆ ਗਿਆ।' ਮੌਰੀਸਨ ਦਾ ਇਹ ਬਿਆਨ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਆਸਟ੍ਰੇਲੀਆ ਤੋਂ ਰਵਾਨਗੀ ਤੋਂ ਤੁਰੰਤ ਬਾਅਦ ਆਇਆ ਹੈ। ਬੀਤੇ ਸ਼ਨਿਚਰਵਾਰ ਨੂੰ ਐਸਪਰ ਨੇ ਆਸਟ੍ਰੇਲੀਆ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਅਮਰੀਕਾ ਏਸ਼ੀਆ 'ਚ ਆਪਣੀਆਂ ਮਿਜ਼ਾਈਲਾਂ ਤਾਇਨਾਤ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਸੀ ਕਿ ਅਮਰੀਕਾ ਇਹ ਮਿਜ਼ਾਈਲਾਂ ਕਿੱਥੇ ਤਾਇਨਾਤ ਕਰੇਗਾ?