ਮੈਲਬੌਰਨ (ਪੀਟੀਆਈ) : ਭਾਰਤ ਨਾਲ ਵਪਾਰਕ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਮੈਥਿਊ ਹੇਡਨ ਅਤੇ ਭਾਰਤੀ ਮੂਲ ਦੀ ਸਿਆਸਤਦਾਨ ਲੀਸਾ ਸਿੰਘ ਨੂੰ ਆਪਣਾ ਵਪਾਰ ਦੂਤ ਨਿਯੁਕਤ ਕੀਤਾ ਹੈ।

ਵਿਦੇਸ਼ ਮੰਤਰੀ ਮੈਰਿਸ ਪਾਇਨੇ ਅਨੁਸਾਰ ਬੋਰਡ ਆਫ ਆਸਟ੍ਰੇਲੀਆ-ਇੰਡੀਆ ਕੌਂਸਲ ਵਿਚ ਤਿੰਨ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪ੍ਰਧਾਨ ਦੇ ਤੌਰ 'ਤੇ ਅਸ਼ੋਕ ਜੈਕਬ ਦੀ ਦੁਬਾਰਾ ਨਿਯੁਕਤੀ ਕੀਤੀ ਗਈ ਹੈ। ਲੇਬਰ ਪਾਰਟੀ ਦੀ ਸਾਬਕਾ ਸੈਨੇਟਰ ਲੀਸਾ ਸਿੰਘ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ।

ਇਨ੍ਹਾਂ ਦੇ ਇਲਾਵਾ ਦੋ ਨਵੇਂ ਮੈਂਬਰ ਬਣਾਏ ਗਏ ਹਨ-ਸਾਬਕਾ ਰਾਜਨੇਤਾ ਟੇਡ ਵੈਲਿਊ ਅਤੇ ਸਾਬਕਾ ਕ੍ਰਿਕਟਰ ਮੈਥਿਊ ਹੇਡਨ। ਪਾਇਨੇ ਅਨੁਸਾਰ ਭਾਰਤ ਦੇ ਸੰਦਰਭ ਵਿਚ ਆਸਟ੍ਰੇਲੀਆ ਦੀ ਵਿਦੇਸ਼ ਅਤੇ ਆਰਥਿਕ ਨੀਤੀ ਤੈਅ ਕਰਨ ਵਿਚ ਕੌਂਸਲ ਦੀ ਅਹਿਮ ਭੂਮਿਕਾ ਹੈ। 48 ਸਾਲ ਦੇ ਸਾਬਕਾ ਕ੍ਰਿਕਟਰ ਹੇਡਨ ਆਸਟ੍ਰੇਲੀਆ ਲਈ 103 ਟੈਸਟ ਅਤੇ 161 ਇਕ ਰੋਜ਼ਾ ਮੈਚ ਖੇਡ ਚੁੱਕੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਮੈਚਾਂ ਵਿਚ 40 ਸੈਂਕੜੇ ਬਣਾਏ ਹਨ।

ਲੀਸਾ ਸਿੰਘ ਸੈਨੇਟਰ ਦੇ ਤੌਰ 'ਤੇ 9 ਸਾਲ ਤਕ ਤਸਮਾਨੀਆ ਦਾ ਪ੍ਰਤੀਨਿਧਤਵ ਕਰ ਚੁੱਕੀ ਹੈ। ਭਾਰਤ-ਆਸਟ੍ਰੇਲੀਆ ਦੇ ਦੋਸਤਾਨਾਂ ਸਬੰਧਾਂ ਨੂੰ ਅੱਗੇ ਵਧਾਉਣ ਵਿਚ ਜ਼ਿਕਰਯੋਗ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਪਰਵਾਸੀ ਭਾਰਤੀ ਸਨਮਾਨ' ਵੀ ਮਿਲ ਚੁੱਕਾ ਹੈ।