ਸਿਡਨੀ (ਏਐੱਫਪੀ) : ਆਸਟ੍ਰੇਲੀਆ ਦੇ ਨਿੱਜਤਾ ਨਿਗਰਾਨੀ ਕਮਿਸ਼ਨ ਨੇ ਡਾਟਾ ਚੋਰੀ ਨੂੰ ਲੈ ਕੇ ਫੇਸਬੁੱਕ 'ਤੇ ਮੁਕੱਦਮਾ ਠੋਕ ਦਿੱਤਾ ਹੈ। ਦੁਨੀਆ ਦੀ ਇਸ ਦਿੱਗਜ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਬਿ੍ਟਿਸ਼ ਫਰਮ ਕੈਂਬਰਿਜ ਐਨਾਲਿਟਿਕਾ ਨੂੰ ਤਿੰਨ ਲੱਖ ਤੋਂ ਜ਼ਿਆਦਾ ਆਸਟ੍ਰੇਲੀਆਈ ਯੂਜ਼ਰਸ ਦੇ ਡਾਟਾ ਵਿਚ ਸੰਨ੍ਹ ਲਗਾਉਣ ਤੋਂ ਰੋਕਣ ਵਿਚ ਨਾਕਾਮ ਰਹੀ। ਕੈਂਬਰਿਜ ਐਨਾਲਿਟਿਕਾ ਸਾਲ 2018 ਵਿਚ ਸੁਰਖੀਆਂ ਵਿਚ ਆਈ ਸੀ। ਤਦ ਉਸ 'ਤੇ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਅੱਠ ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਦਾ ਡਾਟਾ ਚੁਰਾਉਣ ਦਾ ਦੋਸ਼ ਲੱਗਾ ਸੀ। ਇਸ ਕਾਰਨ ਫੇਸਬੁੱਕ ਦੀ ਖ਼ੂਬ ਆਲੋਚਨਾ ਹੋਈ ਸੀ।

ਆਸਟ੍ਰੇਲੀਆਈ ਸੂਚਨਾ ਕਮਿਸ਼ਨ ਦੇ ਦਫ਼ਤਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਫੇਸਬੁੱਕ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਦੋਸ਼ ਹੈ ਕਿ ਫੇਸਬੁੱਕ ਨੇ ਆਪਣੇ ਆਸਟ੍ਰੇਲੀਆਈ ਯੂਜ਼ਰਸ ਦੀ ਇਜਾਜ਼ਤ ਬਿਨਾਂ ਉਨ੍ਹਾਂ ਦੀ ਨਿੱਜੀ ਜਾਣਕਾਰੀ 'ਦਿਸ ਇਜ਼ ਯੂਅਰ ਡਿਜੀਟਲ ਲਾਈਫ਼' ਨਾਮਕ ਐਪ 'ਤੇ ਉਜਾਗਰ ਕੀਤੀ ਸੀ। ਇਸ ਐਪ ਨੂੰ ਬਾਅਦ ਵਿਚ ਸਿਆਸੀ ਸਲਾਹ-ਮਸ਼ਵਰਾ ਕੰਪਨੀ ਕੈਂਬਰਿਜ ਐਨਾਲਿਟਿਕਾ ਨੂੰ ਵੇਚ ਦਿੱਤਾ ਗਿਆ ਸੀ। ਇਸ ਕੰਪਨੀ ਨੇ ਦੁੁਨੀਆ ਭਰ ਦੇ ਕਰੋੜਾਂ ਫੇਸਬੁੱਕ ਯੂਜ਼ਰਸ ਦੀ ਜਾਣਕਾਰੀ ਇਕੱਤਰ ਕੀਤੀ ਸੀ। ਆਸਟ੍ਰੇਲੀਆ ਦੇ ਨਿਗਰਾਨੀ ਕਮਿਸ਼ਨ ਨੇ ਦੋ ਸਾਲ ਪਹਿਲੇ ਕੈਂਬਰਿਜ ਐਨਾਲਿਟਿਕਾ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਨਤੀਜੇ ਵਜੋਂ ਹੁਣ ਫੇਸਬੁੱਕ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਆਪਣੀ ਸਫ਼ਾਈ 'ਚ ਫੇਸਬੁੱਕ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਦੀ ਜਾਂਚ ਵਿਚ ਪੂਰੀ ਸਰਗਰਮੀ ਨਾਲ ਸ਼ਾਮਲ ਹਾਂ। ਫੇਸਬੁੱਕ ਨੇ ਹਾਲਾਂਕਿ ਅਦਾਲਤ ਵਿਚ ਮੁਕੱਦਮਾ ਦਾਇਰ ਕੀਤੇ ਜਾਣ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਫੇਸਬੁੱਕ ਨੂੰ ਦੇਣਾ ਪਿਆ ਭਾਰੀ ਜੁਰਮਾਨਾ

ਫੇਸਬੁੱਕ ਨੂੰ ਅਮਰੀਕਾ ਵਿਚ ਡਾਟਾ ਉਲੰਘਣ ਦੇ ਮਾਮਲੇ ਦਾ ਨਿਪਟਾਰਾ ਕਰਨ ਲਈ ਰਿਕਾਰਡ ਪੰਜ ਅਰਬ ਡਾਲਰ (ਕਰੀਬ 37 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਭਰਨਾ ਪਿਆ ਸੀ ਜਦਕਿ ਬਿ੍ਟੇਨ ਵਿਚ ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਉਸ 'ਤੇ ਛੇ ਲੱਖ 50 ਹਜ਼ਾਰ ਪੌਂਡ (ਕਰੀਬ 4.8 ਕਰੋੜ ਰੁਪਏ) ਦਾ ਜੁਰਮਾਨਾ ਲੱਗਾ ਸੀ। ਇਹ ਹੁਣ ਸਾਫ਼ ਨਹੀਂ ਹੈ ਕਿ ਆਸਟ੍ਰੇਲੀਆ ਵਿਚ ਉਸ ਨੂੰ ਕਿੰਨੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।