ਮੈਲਬੌਰਨ (ਏਜੰਸੀ) : ਦੇਸ਼ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸੰਕੇਤ ਦਿੱਤਾ ਹੈ ਕਿ ਉਹ 13 ਜਨਵਰੀ ਤੋਂ ਤਜਵੀਜ਼ਸ਼ੁਦਾ ਆਪਣੀ ਪਹਿਲੀ ਭਾਰਤ ਯਾਤਰਾ ਰੱਦ ਕਰ ਸਕਦੇ ਹਨ। ਮੌਰਿਸਨ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ 13 ਤੋਂ 16 ਜਨਵਰੀ ਵਿਚਕਾਰ ਭਾਰਤ ਆਉਣ ਵਾਲੇ ਹਨ।

ਵਿਕਟੋਰੀਆ ਸੂਬੇ ਦੇ ਬੈਨਰਸਡੇਲ 'ਚ ਇਕ ਪ੍ਰਰੈਸ ਕਾਨਫਰੰਸ 'ਚ ਮੌਰਿਸਨ ਨੇ ਕਿਹਾ, ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਇਸ ਹਾਲਤ 'ਚ ਭਾਰਤ ਦੀ ਤਜਵੀਜ਼ਸ਼ੁਦਾ ਯਾਤਰਾ 'ਤੇ ਜਾਣਾ ਸੰਭਵ ਨਹੀਂ ਹੈ। ਕੁਝ ਮੁੱਦੇ ਹਨ ਜਿਨ੍ਹਾਂ ਨੂੰ ਰਸਮੀ ਤੌਰ ਦੇ ਨਾਲ ਹੱਲ ਕਰਨ ਦੀ ਜ਼ਰੂਰਤ ਹੈ। ਨਾਲ ਹੀ ਕਈ ਮੁੱਦਿਆਂ 'ਤੇ ਹੋਰ ਮੰਤਰੀਆਂ ਨਾਲ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਪਣੀ ਯਾਤਰਾ ਰੱਦ ਕਰਨ ਦੇ ਫ਼ੈਸਲੇ ਬਾਰੇ ਉਹ ਅੱਗੇ ਐਲਾਨ ਕਰਨਗੇ। ਮੌਰਿਸਨ ਪਿਛਲੇ ਮਹੀਨੇ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਅਮਰੀਕਾ ਦੇ ਹਵਾਈ ਸੂਬੇ ਗਏ ਸਨ। ਪਰ ਜੰਗਲਾਂ 'ਚ ਲੱਗੀ ਅੱਗ ਭੜਕਨ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਵਿਚਕਾਰ ਹੀ ਛੱਡਣ ਪਈ ਸੀ।