ਸਿਡਨੀ (ਏਜੰਸੀਆਂ) : ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਜੂਝ ਰਹੇ ਫਾਇਰ ਬਿ੍ਗੇਡ ਕਰਮਚਾਰੀਆਂ ਦੀ ਮਦਦ ਲਈ ਸੋਮਵਾਰ ਨੂੰ ਫ਼ੌਜ ਦੇ ਤਿੰਨ ਹਜ਼ਾਰ ਜਵਾਨ ਤਾਇਨਾਤ ਕਰ ਦਿੱਤੇ ਗਏ। ਦੇਸ਼ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨਵੀਆਂ ਨਹੀਂ ਹਨ ਪ੍ਰੰਤੂ ਇਸ ਵਾਰ ਇਸ ਦਾ ਖੇਤਰਫਲ ਬਹੁਤ ਵੱਡਾ ਹੈ। ਇਸ ਦੀ ਲਪੇਟ ਵਿਚ ਆ ਕੇ ਹੁਣ ਤਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,300 ਤੋਂ ਜ਼ਿਆਦਾ ਘਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ। ਏਨਾ ਹੀ ਨਹੀਂ 63 ਲੱਖ ਹੈਕਟੇਅਰ ਖੇਤਰ ਵਿਚ ਵਨਸਪਤੀ ਵੀ ਨਸ਼ਟ ਹੋ ਗਈ ਹੈ।

ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਫ਼ੌਜ ਦੇ ਤਿੰਨਾਂ ਅੰਗਾਂ ਦੇ ਰਿਜ਼ਰਵ ਫ਼ੌਜੀਆਂ ਨੂੰ ਰਾਹਤ ਅਤੇ ਬਚਾਅ ਕੰਮਾਂ ਲਈ ਬੁਲਾਇਆ ਗਿਆ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਪ੍ਰਭਾਵਿਤ ਲੋਕਾਂ ਲਈ ਦੋ ਅਰਬ ਡਾਲਰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੁਲਾਂ, ਸੜਕਾਂ ਅਤੇ ਹੋਰ ਮਹੱਤਵਪੂਰਣ ਬੁਨਿਆਦੀ ਢਾਂਚਿਆਂ ਦਾ ਪੁਨਰ ਨਿਰਮਾਣ ਕੀਤਾ ਜਾਣਾ ਹੈ। ਅਸੀਂ ਇਹ ਕੰਮ ਮਿਲ ਕੇ ਕਰਾਂਗੇ। ਫ਼ੌਜ ਦੇ ਜਵਾਨ ਨਿਊ ਸਾਊਥ ਵੇਲਜ਼, ਵਿਕਟੋਰੀਆ, ਤਸਮਾਨੀਆ ਅਤੇ ਦੱਖਣੀ ਆਸਟ੍ਰੇਲੀਆ ਰਾਜ ਸਰਕਾਰਾਂ ਦੀ ਮਦਦ ਕਰਨਗੇ। ਉਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਕਰਵਾਉਣ 'ਚ ਵੀ ਮਦਦ ਕਰਨਗੇ।

ਬਾਰਿਸ਼ ਨਾਲ ਕੁਝ ਇਲਾਕਿਆਂ 'ਚ ਰਾਹਤ

ਅੱਗ ਤੋਂ ਪ੍ਰਭਾਵਿਤ ਕੁਝ ਇਲਾਕਿਆਂ ਵਿਚ ਹੋਈ ਬਾਰਿਸ਼ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਅਚਾਨਕ ਹੋਈ ਬਾਰਿਸ਼ ਨਾਲ ਹਾਲਾਂਕਿ ਫਾਇਰ ਬਿ੍ਗੇਡ ਕਰਮਚਾਰੀਆਂ ਨੂੰ ਆਪਣੀਆਂ ਰਣਨੀਤਕ ਤਿਆਰੀਆਂ ਨੂੰ ਅੰਜਾਮ ਦੇਣ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਫ਼ਤੇ ਦੇ ਅੰਤ ਤਕ ਤਾਪਮਾਨ ਫਿਰ ਵੱਧਣ ਦੇ ਆਸਾਰ ਹਨ।

ਬਰੂਮ ਸ਼ਹਿਰ 'ਚ ਚੱਕਰਵਾਤ ਦਾ ਕਹਿਰ

ਆਸਟ੍ਰੇਲੀਆ ਦੇ ਉੱਤਰੀ-ਪੱਛਮੀ ਤੱਟ 'ਤੇ ਆਏ ਚੱਕਰਵਾਤ ਕਾਰਨ ਬਰੂਮ ਸ਼ਹਿਰ ਵਿਚ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਬਲੇਕ ਨਾਂ ਦੇ ਇਸ ਚੱਕਰਵਾਤ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਚੱਕਰਵਾਤ ਨਾਲ ਨਾ ਕੇਵਲ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਸਗੋਂ ਪੱਛਮੀ ਕਿੰਬਰਲੀ ਅਤੇ ਪੂਰਬੀ ਪਿਲਬਾਰਾ ਦੇ ਤੱਟੀ ਖੇਤਰਾਂ 'ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਚੱਕਰਵਾਤ ਨਾਲ ਦੇਸ਼ ਦੇ ਵੱਡੇ ਹਿੱਸੇ ਵਿਚ ਜੰਗਲਾਂ ਵਿਚ ਲੱਗੀ ਅੱਗ 'ਤੇ ਪ੍ਰਭਾਵ ਪੈਣ ਦੀ ਉਮੀਦ ਨਹੀਂਂ ਹੈ।