ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬੀਤੇ ਐਤਵਾਰ 10 ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਵੱਲੋਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸਾਊਥਸ ਯੂਨਾਈਟਡ ਫੁੱਟਬਾਲ ਕਲੱਬ ਰਨਕੋਰਨ, ਕਵੀਨਜ਼ਲੈਂਡ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਗਿਆ। ਇਸੇ ਟੂਰਨਾਮੈਂਟ ਦੌਰਾਨ ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ ਬ੍ਰਿਸਬੇਨ ਅਤੇ ਮਾਝਾ ਯੂਥ ਕਲੱਬ ਬ੍ਰਿਸਬੇਨ ਦੇ ਸਹਿਯੋਗ ਨਾਲ ਫਲਾਇੰਗ ਸਿੱਖ ਦੀ ਯਾਦ ਵਿੱਚ ਐਥਲੈਟਿਕਸ ਮੀਟ ਤੇ ਸ਼ੂਟਿੰਗ ਵਾਲੀਬਾਲ ਕਰਵਾਇਆ ਗਿਆ।

ਇਸ ਸਾਲ ਫੁੱਟਬਾਲ ਟੂਰਨਾਮੈਂਟ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ 42 ਟੀਮਾਂ ਨੇ ਹਿੱਸਾ ਲਿਆ। ਇਸ ਸਾਲ ਸੀਨੀਅਰਜ਼ ਦੀਆਂ ਟੀਮਾਂ 'ਚੋਂ ਬੀਪੀ ਸੀਸੀ ਕੈਲਮਵੇਲ ਦੀ ਟੀਮ ਨਿਊ ਫਾਰਮ ਪੰਜਾਬੀ ਕਲੱਬ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੇ ਨੰਬਰ 'ਤੇ ਰਹੀ।

ਅਥਲੈਟਿਕਸ 'ਚ ਲਗਪਗ 170 ਛੋਟੇ-ਵੱਡੇ ਅਥਲੀਟਾਂ ਨੇ ਭਾਗ ਲਿਆ। ਛੋਟੇ ਬੱਚਿਆਂ ਦੀ 50 ਮੀਟਰ ਤੇ 80 ਮੀਟਰ ਦੌੜ ਕਰਵਾਈ ਗਈ ਤੇ ਵੱਡਿਆਂ ਦੀ 100 ਮੀਟਰ ਕਰਵਾਈ ਗਈ। ਮਿਲਖਾ ਸਿੰਘ ਦੀ ਯਾਦ ਵਿੱਚ ਕਰਵਾਈ ਗਈ ਇਸ ਅਥਲੈਟਿਕ ਮੀਟ ਦਾ ਉਤਸ਼ਾਹ ਬ੍ਰਿਸਬੇਨ ਸ਼ਹਿਰ ਦੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਵੇਖਣ ਨੂੰ ਮਿਲਿਆ। 100 ਮੀਟਰ ਦੌੜ ਵਿੱਚ 35 ਸਾਲ ਤੋਂ ਥੱਲੇ ਵਾਲਿਆਂ ਵਿੱਚ ਗੁਰਜੰਟ ਸਿੰਘ ਪਹਿਲੇ ਸਥਾਨ 'ਤੇ ਅਕਾਸ਼ਦੀਪ ਦੂਜੇ ਅਤੇ ਅਮਨਦੀਪ ਸਿੰਘ ਤੀਜੇ ਸਥਾਨ 'ਤੇ ਰਹੇ। 45 ਸਾਲ ਤੋਂ ਥੱਲੇ ਵਾਲਿਆਂ ਵਿੱਚ ਪਿੰਦਾ ਕਾਲਕਤ ਪਹਿਲੇ, ਹਰਪ੍ਰੀਤ ਗਿੱਲ ਦੂਜੇ ਅਤੇ ਗੁਰਜਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ। 100 ਮੀਟਰ ਓਪਨ ਦੌੜ ਵਿੱਚ ਹੈਪੀ ਸਿੰਘ ਪਹਿਲੇ, ਡਾ. ਪ੍ਰਮਜੀਤ ਸਿੰਘ ਦੂਜੇ ਅਤੇ ਹਰਨਰਿੰਦਰ ਸਿੰਘ ਤੀਜੇ ਸਥਾਨ 'ਤੇ ਰਹੇ। ਛੋਟੇ ਬੱਚਿਆਂ ਦੇ ਅਥਲੈਟਿਕਸ ਮੁਕਾਬਲੇ ਵੀ ਬਹੁਤ ਦਿਲਚਸਪ ਰਹੇ।

ਸ਼ੂਟਿੰਗ ਵਾਲੀਬਾਲ ਵਿੱਚ ਬ੍ਰਿਸਬੇਨ ਸ਼ਹਿਰ ਤੋਂ 10 ਟੀਮਾਂ ਨੇ ਹਿੱਸਾ ਲਿਆ। ਸਟਾਰ ਵਾਲੀਬਾਲ ਟੀਮ ਸਾਂਝਾ ਵਾਲੀਬਾਲ ਕਲੱਬ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੇ ਸਥਾਨ 'ਤੇ ਰਹੀ। ਸਾਰੇ ਜੇਤੂਆਂ ਨੂੰ ਇਨਾਮ ਵੰਡੇ ਗਏ, ਫੁੱਟਬਾਲ ਅਤੇ ਵਾਲੀਬਾਲ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਨਕਦੀ ਇਨਾਮ ਵੀ ਦਿੱਤੇ ਗਏ।

ਇਸ ਸਾਰੇ ਖੇਡ ਟੂਰਨਾਮੈਂਟ ਦਾ ਪ੍ਰਬੰਧ ਇਸ ਸਾਲ ਬ੍ਰਿਸਬੇਨ ਸ਼ਹਿਰ ਦੀਆਂ ਤਿੰਨ ਕਲੱਬਾਂ ਬੀਪੀ ਸੀਸੀ ਕੈਲਮਵੇਲ, ਆਈਸੀਐੱਸਸੀ ਬ੍ਰਿਸਬੇਨ ਅਤੇ ਐੱਮਵਾਈਸੀ ਬ੍ਰਿਸਬੇਨ ਵੱਲੋਂ ਰਲ ਕੇ ਕੀਤਾ ਗਿਆ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੀ ਮਿਸਾਲ ਪੈਦਾ ਕੀਤੀ ਗਈ। ਬ੍ਰਿਸਬੇਨ ਸ਼ਹਿਰ ਤੋਂ ਇਸ ਸਫ਼ਲਤਾ ਪੂਰਵਕ ਮੁਕੰਮਲ ਹੋਏ ਖੇਡ ਟੂਰਨਾਮੈਂਟ ਨੂੰ ਵੱਖ-ਵੱਖ ਕਾਰੋਬਾਰੀ ਅਦਾਰਿਆਂ ਵੱਲੋਂ ਸਪਾਂਸਰ ਕੀਤਾ ਗਿਆ। ਗੁਰਦੁਆਰਾ ਸਾਹਿਬ ਲੋਗਨ ਰੋਡ ਵੱਲੋਂ ਲੰਗਰ ਦੀ ਸੇਵਾ ਅਤੇ ਪ੍ਰਬੰਧ ਕੀਤਾ ਗਿਆ। ਲੋਕਲ ਐੱਮਪੀ ਜੇਮਸ ਮਾਰਟਿਨ (ਲੇਬਰ) ਵੱਲੋਂ (ਅਥਲੈਟਿਕਸ) ਦੌੜਾਂ ਦੀ ਸ਼ੁਰੂਆਤ ਕਰ ਕੇ ਹਾਜ਼ਰੀ ਭਰੀ ਗਈ। ਇਸ ਮੌਕੇ ਬ੍ਰਿਸਬੇਨ ਸ਼ਹਿਰ ਦੇ ਉੱਘੇ ਸਮਾਜ-ਸੇਵੀ ਮਨਜੀਤ ਬੋਪਾਰਾਏ ਨੂੰ ਸਨਮਾਨਿਤ ਕੀਤਾ ਗਿਆ।

ਇਸ ਖੇਡ ਮੇਲੇ ਵਿੱਚ ਸ਼ਹਿਰ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ, ਜਿੰਨਾਂ 'ਚੋਂ ਮਨਜੀਤ ਬੋਪਾਰਾਏ, ਤਜਿੰਦਰ ਢਿੱਲੋਂ, ਹਰਪ੍ਰੀਤ ਸਿੰਘ, ਪ੍ਰਣਾਮ ਸਿੰਘ ਹੇਅਰ, ਕੁਲਦੀਪ ਡਡਵਾਲ, ਸੁਖਦੇਵ ਸਿੰਘ ਵਿਰਕ, ਸਤਪਾਲ ਸਿੰਘ ਕੂਨਰ, ਗੁਰਪ੍ਰੀਤ ਸਿੰਘ ਬੱਲ (ਰਮਦਾਸ), ਪ੍ਰਿੰਸ ਭਿੰਡਰ, ਸੁਖਚੈਨ ਸਿੱਧੂ, ਨਵਦੀਪ ਸਿੰਘ, ਚੰਦਨਦੀਪ, ਧਰਮਪਾਲ ਸਿੰਘ ਜੋਹਲ, ਮਨਜੋਤ ਸਰਾਂ, ਬੀਪੀ ਸੀਸੀ ਕੈਲਮਵੇਲ ਤੋਂ ਜਗਦੀਪ ਸਿੰਘ, ਹੈਪੀ ਧਾਮੀ, ਬਲਵਿੰਦਰ ਸਿੰਘ, ਦਪਿੰਦਰ ਸਿੰਘ, ਰੌਕੀ ਭੁੱਲਰ, ਆਈ ਸੀ ਐੱਸ ਸੀ ਬ੍ਰਿਸਬੇਨ ਤੋਂ ਜਗਦੀਪ ਭਿੰਡਰ, ਗਗਨ ਢਿੱਲੋਂ, ਪਵਿੱਤਰ ਨੂਰੀ, ਸੰਦੀਪ ਬੋਰਸ, ਰਾਜਾ ਗਿੱਲ, ਮਾਝਾ ਯੂਥ ਕਲੱਬ ਤੋਂ ਬਲਰਾਜ ਸੰਧੂ, ਸਰਵਣ ਸਿੰਘ, ਜੱਗਾ ਵੜੈਚ, ਗੁਰਜੀਤ ਗਿੱਲ , ਜਤਿੰਦਰਪਾਲ ਗਿੱਲ ਹਰਮਨ ਸਿੰਘ ਵੱਲੋਂ ਖੇਡ ਮੇਲੇ ਵਿੱਚ ਕੁਮੈਂਟਰੀ ਕੀਤੀ ਗਈ।

Posted By: Ramanjit Kaur