ਮੈਲਬੌਰਨ (ਪੀਟੀਆਈ) : ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਦਮੇ ਦਾ ਮਰੀਜ਼ ਹੈ ਤਾਂ ਉਸ ਦੇ ਕੋਰੋਨਾ ਤੋਂ ਪ੍ਰਭਾਵਿਤ ਹੋਣ ਅਤੇ ਮਹਾਮਾਰੀ ਨਾਲ ਮਰਨ ਦਾ ਖ਼ਤਰਾ ਨਹੀਂ ਹੁੰਦਾ ਹੈ। 5,87,000 ਲੋਕਾਂ 'ਤੇ ਕੀਤੀ ਗਈ ਖੋਜ ਤੋਂ ਜਾਣਕਾਰੀ ਮਿਲੀ ਹੈ ਕਿ ਦਮੇ ਤੋਂ ਪੀੜਤ ਲੋਕਾਂ ਵਿਚ ਕੋਰੋਨਾ ਹੋਣ ਦਾ ਜੋਖ਼ਮ ਨਾ ਕੇਵਲ 14 ਫ਼ੀਸਦੀ ਘੱਟ ਹੁੰਦਾ ਹੈ ਸਗੋਂ ਅਜਿਹੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਲੋੜ ਵੀ ਘੱਟ ਪੈਂਦੀ ਹੈ।

ਆਸਟ੍ਰੇਲੀਆ ਸਥਿਤ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਨਾਲ ਸਬੰਧ ਰੱਖਣ ਵਾਲੇ ਅਤੇ ਖੋਜ ਦੇ ਮੁੱਖ ਲੇਖਕ ਐਂਥਨੀ ਸੁਜਾਏ ਨੇ ਕਿਹਾ ਕਿ ਦਮੇ ਦੇ ਮਰੀਜ਼ਾਂ ਦੇ ਮੁਕਾਬਲੇ ਗ਼ੈਰ ਦਮੇ ਦੇ ਮਰੀਜ਼ਾਂ ਦੇ ਕੋਰੋਨਾ ਤੋਂ ਪ੍ਰਭਾਵਿਤ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਹ ਜਾਣਨ ਲਈ ਅਤੇ ਜ਼ਿਆਦਾ ਖੋਜ ਕੀਤੇ ਜਾਣ ਦੀ ਲੋੜ ਹੈ ਕਿ ਦਮੇ ਦੇ ਮਰੀਜ਼ਾਂ 'ਤੇ ਵਾਇਰਸ ਦਾ ਪ੍ਰਭਾਵ ਕਿਵੇਂ ਹੁੰਦਾ ਹੈ। ਇਹ ਖੋਜ ਪੀਅਰ ਰਿਵਿਊਡ ਜਰਨਲ ਆਫ ਅਸਥਮਾ ਵਿਚ ਪ੍ਰਕਾਸ਼ਿਤ ਹੋਇਆ ਹੈ ਅਤੇ ਇਸ ਦੌਰਾਨ 57 ਅਧਿਐਨਾਂ ਦੇ 5,87,280 ਲੋਕਾਂ ਦੇ ਅੰਕੜੇ ਇਕੱਠੇ ਕੀਤੇ ਗਏ। ਅਧਿਐਨ ਵਿਚ ਸ਼ਾਮਲ 3,50,000 ਲੋਕ ਕੋਰੋਨਾ ਤੋਂ ਪ੍ਰਭਾਵਿਤ ਸਨ ਅਤੇ ਇਹ ਮਰੀਜ਼ ਏਸ਼ੀਆ, ਯੂਰਪ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਨ। ਸਿੱਟਿਆਂ ਤੋਂ ਪਤਾ ਲੱਗਾ ਹੈ ਕਿ ਹਰੇਕ 100 ਕੋਰੋਨਾ ਮਰੀਜ਼ਾਂ ਵਿੱਚੋਂ ਸੱਤ ਨੂੰ ਦਮਾ ਸੀ। ਉਧਰ, 100 ਸਾਧਾਰਨ ਲੋਕਾਂ ਵਿੱਚੋਂ ਅੱਠ ਨੂੰ ਦਮਾ ਸੀ। ਪਹਿਲਾਂ ਕੀਤੇ ਗਏ ਖੋਜ ਤੋਂ ਇਸ ਗੱਲ ਦਾ ਪਤਾ ਚੱਲਿਆ ਸੀ ਕਿ ਜੇਕਰ ਕਿਸੇ ਨੂੰ ਦਮਾ ਹੈ ਤਾਂ ਵਾਇਰਸ ਦਾ ਉਸ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਇਸ ਵਿਚ ਕਿਹਾ ਗਿਆ ਸੀ ਕਿ ਕੋਰੋਨਾ ਕਾਰਨ ਹੋਣ ਵਾਲੇ ਸਾਹ ਇਨਫੈਕਸ਼ਨ ਤੋਂ ਦਮੇ ਦੀ ਦਿੱਕਤ ਵੱਧਦੀ ਹੈ। ਹਾਲਾਂਕਿ ਹਾਲ ਹੀ ਵਿਚ ਕੀਤੇ ਗਏ ਅਧਿਐਨ ਤੋਂ ਇਹ ਗੱਲ ਸੱਚ ਸਾਬਿਤ ਨਹੀਂ ਹੋਈ ਕਿ ਜੇਕਰ ਕਿਸੇ ਨੂੰ ਦਮਾ ਹੈ ਤਾਂ ਉਸ ਦਾ ਕੋਰੋਨਾ ਨਾਲ ਮਰਨ ਦਾ ਖ਼ਤਰਾ ਵੱਧ ਜਾਂਦਾ ਹੈ।