ਨਿਊਯਾਰਕ ਟਾਈਮਜ਼, ਮੈਨਬੌਰਨ : ਦੁਨੀਆ ਭਰ 'ਚ ਮਾਨਵਾਂ ਦੇ ਦਖ਼ਲ ਕਾਰਨ ਜੀਵਾਂ ਦੀਆਂ ਕਈ ਪ੍ਰਜਾਤੀਆਂ 'ਤੇ ਸੰਕਟ ਮੰਡਰਾ ਰਿਹਾ ਹੈ। ਸ਼ਿਕਾਰ ਤੇ ਲੋਕਾਂ ਦੇ ਲਾਲਚ ਕਾਰਨ ਕਿਤੇ ਸ਼ੇਰ ਲੋਪ ਹੋਣ ਦੀ ਕਗਾਰ 'ਤੇ ਹਨ, ਤਾਂ ਕਿਤੇ ਹਾਥੀ। ਕੁਝ ਅਜਿਹੀ ਹੀ ਸਥਿਤੀ ਦੱਖਣ-ਪੂਰਬੀ ਆਸਟ੍ਰੇਲੀਆ ਦੇ ਫਿਲਿਪ ਟਾਪੂ 'ਤੇ ਪੈਂਗੁਇਨ ਦੇ ਸਾਹਮਣੇ ਵੀ ਆਉਣ ਲੱਗੀ ਸੀ। ਪਰ ਆਸਟ੍ਰੇਲੀਆ ਦੀ ਸਰਕਾਰ ਨੇ ਸਮਾਂ ਰਹਿੰਦੇ ਇਸ ਖ਼ਤਰੇ ਨੂੰ ਸਮਝ ਕੇ ਕਦਮ ਚੁੱਕਿਆ ਤੇ ਅੱਜ ਇਸ ਦੇ ਨਤੀਜੇ ਵੀ ਨਜ਼ਰ ਆਉਣ ਲੱਗੇ ਹਨ।

ਆਸਟ੍ਰੇਲੀਆ ਦਾ ਇਹ ਟਾਪੂ ਦੁਨੀਆ ਦੇ ਸਭ ਤੋਂ ਛੋਟੇ ਪੈਂਗੁਇਨ ਦੀ ਪ੍ਰਜਾਤੀ ਲਈ ਜਾਣਿਆ ਜਾਂਦਾ ਹੈ। ਇੱਥੇ ਇਕ ਬਾਲਗ ਪੈਂਗੁਇਨ ਦੀ ਉੱਚਾਈ ਔਸਤਨ 13 ਇੰਚ ਤਕ ਹੁੰਦੀ ਹੈ। ਪਿਛਲੇ 100 ਸਾਲ ਤੋਂ ਇੱਥੇ ਪੈਂਗੁਇਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸੈਲਾਨੀ ਦਿਨ ਵੇਲੇ ਮੱਛੀਆਂ ਫੜਨ ਤੇ ਤੈਰਾਕੀ ਦੇ ਆਨੰਦ ਤੋਂ ਬਾਅਦ ਸ਼ਾਮ ਦਾ ਸਮਾਂ ਇਨ੍ਹਾਂ ਪੈਂਗੁਇਨ ਨੂੰ ਵੇਖਣ 'ਚ ਹੀ ਬਤੀਤ ਕਰਦੇ ਹਨ। ਪੈਂਗੁਇਨ ਦੇ ਇਸ ਇਲਾਕੇ 'ਚ ਵੱਡੇ ਪੈਮਾਨੇ 'ਤੇ ਹਾਊਸਿੰਗ ਡਵੈਲਪਮੈਂਟ ਦੇ ਲੋਕ ਵੀ ਰਹਿੰਦੇ ਸਨ। ਇੱਥੇ ਛੁੱਟੀਆਂ ਬਤੀਤ ਕਰਨ ਲਈ ਲੋਕਾਂ ਨੇ ਆਪਣੇ ਸ਼ਾਨਦਾਰ ਘਰ ਬਣਵਾਏ ਹੋਏ ਸਨ। ਪੈਂਗੁਇਨ ਨੂੰ ਇਨ੍ਹਾਂ ਲੋਕਾਂ ਵਿਚਕਾਰ ਹੀ ਰਹਿਣਾ ਪੈਂਦਾ ਸੀ। ਇੱਥੇ ਗੱਡੀਆਂ ਲਿਆਉਣ ਤੇ ਲਿਜਾਣ ਅਤੇ ਹੋਰ ਪਾਲਤੂ ਜੀਵਾਂ ਨੂੰ ਲਿਆਉਣ 'ਤੇ ਪਾਬੰਦੀ ਸੀ। ਇਨ੍ਹਾਂ ਸਭ ਨਿਯਮਾਂ ਤੋਂ ਬਾਅਦ ਵੀ ਪੈਂਗੁਇਨ ਦੀ ਗਿਣਤੀ 'ਚ ਲਗਾਤਾਰ ਗਿਰਾਵਟ ਆ ਰਹੀ ਸੀ।

ਚੁੱਕਿਆ ਵੱਡਾ ਕਦਮ

1985 'ਚ ਇੱਥੋਂ ਦੀ ਸਰਕਾਰ ਨੇ ਇਕ ਹੈਰਾਨੀਜਨਕ ਫ਼ੈਸਲਾ ਕੀਤਾ। ਸਰਕਾਰ ਨੇ ਤੈਅ ਕੀਤਾ ਕਿ ਉਹ ਇਕ-ਇਕ ਕਰ ਕੇ ਇੱਥੇ ਲੋਕਾਂ ਦੀ ਪੂਰੀ ਜਾਇਦਾਦ ਖ਼ਰੀਦ ਲਵੇਗੀ। 2010 ਤਕ ਸਰਕਾਰ ਨੇ ਇਸ ਟੀਚੇ ਨੂੰ ਹਾਸਲ ਵੀ ਕਰ ਲਿਆ ਤੇ ਇਹ ਪੂਰੀ ਜਗ੍ਹਾ ਪੈਂਗੁਇਨ ਦੇ ਨਾਂ ਕਰ ਦਿੱਤੀ। ਸਰਕਾਰ ਦੇ ਇਸ ਸ਼ਾਨਦਾਰ ਫ਼ੈਸਲੇ ਦਾ ਅਸਰ ਵੀ ਹੁਣ ਸਪਸ਼ਟ ਤੌਰ 'ਤੇ ਨਜ਼ਰ ਆਉਣ ਲੱਗਾ ਹੈ। 1980 ਦੇ ਆਸਪਾਸ ਇੱਥੇ ਪੈਂਗੁਇਨ ਦੀ ਗਿਣਤੀ 12000 ਦੇ ਕਰੀਬ ਸੀ, ਜੋ ਹੁਣ ਵਧ ਕੇ 31000 'ਤੇ ਪਹੁੰਚ ਗਈ ਹੈ।

ਸਰਕਾਰ ਨੂੰ ਵੀ ਹੋਇਆ ਫਾਇਦਾ

ਇਸ ਕਦਮ ਦਾ ਲਾਭ ਸਰਕਾਰ ਨੂੰ ਵੀ ਮਿਲ ਰਿਹਾ ਹੈ। ਅੱਜ ਦੀ ਤਰੀਕ 'ਚ ਇਹ ਜਗ੍ਹਾ ਵਣਜੀਵ ਟੂਰਿਜ਼ਮ ਦੇ ਲਿਹਾਜ਼ ਨਾਲ ਬੇਹੱਦ ਲੋਕਪ੍ਰਿਆ ਖੇਤਰਾਂ 'ਚ ਸ਼ੁਮਾਰ ਹੈ। 2018 'ਚ ਇੱਥੇ 7,40,000 ਸੈਲਾਨੀ ਆਏ ਸਨ। ਪਿਛਲੇ ਮਹੀਨੇ ਦੇ ਅਖ਼ੀਰ 'ਚ ਇੱਥੇ ਕਰੋੜਾਂ ਦੀ ਲਾਗਤ ਨਾਲ ਤਿਆਰ ਇਕ ਸ਼ਾਨਦਾਰ ਸੈਲਾਨੀ ਭਵਨ ਦਾ ਵੀ ਉਦਘਾਟਨ ਕੀਤਾ ਗਿਆ। ਇਕ ਤੱਟੀ ਰਿਹਾਇਸ਼ੀ ਇਲਾਕੇ ਨੂੰ ਵਣਜੀਵਾਂ ਨੂੰ ਸਮਰਪਿਤ ਕਰ ਦੇਣ ਦਾ ਇਹ ਸਰਕਾਰ ਦਾ ਅਨੋਖਾ ਯਤਨ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਫਿਲਿਪ ਟਾਪੂ ਦਾ ਇਹ ਮਾਮਲਾ ਇਸ ਗੱਲ ਦਾ ਉਦਾਹਰਣ ਹੈ ਕਿ ਕੁਝ ਗੁੰਝਲਦਾਰ ਫ਼ੈਸਲੇ ਬਿਹਤਰ ਭਵਿੱਖ ਦੇ ਨਿਰਮਾਣ 'ਚ ਮਦਦਗਾਰ ਹੁੰਦੇ ਹਨ।

ਕਿੱਥੇ ਹੈ ਫਿਲਿਪ ਟਾਪੂ?

ਫਿਲਿਪ ਟਾਪੂ ਆਸਟ੍ਰੇਲੀਆ ਦੀ ਰਾਜਧਾਨੀ ਮੈਲਬੌਰਨ ਤੋਂ 85 ਮੀਲ ਦੱਖਣੀ ਵੈਸਟਰਨਪੋਰਟ ਖਾੜੀ ਦੇ ਮੁਹਾਨੇ 'ਤੇ ਹੈ। ਛੋਟੇ ਪੈਂਗੁਇਨ ਲਈ ਇਹ ਦੁਨੀਆ ਦੀ ਸਭ ਤੋਂ ਵੱਡੀ ਕਾਲੋਨੀ ਹੈ। ਛੋਟੇ ਪੈਂਗੁਇਨ ਦੀ ਇਹ ਪ੍ਰਜਾਤੀ ਆਸਟ੍ਰੇਲੀਆ ਦੇ ਦੱਖਣੀ ਤੱਟ ਤੋਂ ਇਲਾਵਾ ਨਿਊਜ਼ੀਲੈਂਡ 'ਚ ਵੀ ਪਾਈ ਜਾਂਦੀ ਹੈ।