ਕੈਨਬਰਾ (ਏਐੱਨਆਈ) : ਆਸਟ੍ਰੇਲੀਆ ਵਿਚ ਹਿੰਦੂ ਮੰਦਰਾਂ ’ਤੇ ਭਾਰਤ ਵਿਰੋਧੀ ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਸਿਲਸਿਲਾ ਜਾਰੀ ਹੈ। ਮਹਿਜ਼ 15 ਦਿਨ ਦੇ ਅੰਦਰ ਤੀਜੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਮੰਦਰ ਮੈਲਬੌਰਨ ਦੇ ਅਲਬਰਟ ਪਾਰਕ ਵਿਚ ਸਥਿਤ ਹੈ। ਇਸ ਤੋਂ ਪਹਿਲਾਂ 12 ਅਤੇ 16 ਜਨਵਰੀ ਨੂੰ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਹਰੇ ਕ੍ਰਿਸ਼ਣਾ ਮੰਦਰ ਦੀ ਦੀਵਾਰ ’ਤੇ ਸੋਮਵਾਰ ਨੂੰ ਹਿੰਦੂ ਵਿਰੋਧੀ ਚਿੱਤਰ ਬਣੇ ਮਿਲੇ। ਇਸਕਾਨ ਮੰਦਰ ਦੇ ਸੰਚਾਰ ਨਿਰਦੇਸ਼ਕ ਭਗਤ ਦਾਸ ਨੇ ਕਿਹਾ ਕਿ ਉਹ ਮੰਦਰ ਵਰਗੀ ਪਵਿੱਤਰ ਜਗ੍ਹਾ ’ਤੇ ਇਸ ਤਰ੍ਹਾਂ ਦੀ ਘਟਨਾ ਨਾਲ ਪਰੇਸ਼ਾਨੀ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪੁਲਿਸ ਵਿਚ ਸ਼ਿਕਾਇਤ ਕੀਤੀ ਗਈ ਹੈ। ਆਈਟੀ ਕੰਸਲਟੈਂਟ ਅਤੇ ਸ਼ਰਧਾਲੂ ਸ਼ਿਵੇਸ਼ ਪਾਂਡੇ ਨੇ ਕਿਹਾ ਕਿ ਵਿਕਟੋਰੀਆ ਪੁਲਿਸ ਹਿੰਦੂਆਂ ਦੇ ਪ੍ਰਤੀ ਨਫਰਤ ਫੈਲਾਉਣ ਦੇ ਇਸ ਏਜੰਡੇ ਨੂੰ ਰੋਕਣ ਵਿਚ ਅਸਫਲ ਰਹੀ ਹੈ। ਇਹ ਘਟਨਾ ਹਾਲ ਵਿਚ ਮਿਲ ਪਾਰਕ ਅਤੇ ਕੈਰਮ ਡਾਊਨ ਵਿਚ ਮੰਦਰਾਂ ’ਤੇ ਹੋਏ ਅਜਿਹੇ ਘਟੀਆ ਕਾਰੇ ਦੀ ਵਿਕਟੋਰੀਆ ਬਹੁ ਸਭਿਆਚਾਰਕ ਕਮਿਸ਼ਨ ਵੱਲੋਂ ਕੀਤੀ ਗਈ ਨਿਖੇਧੀ ਦੇ ਦੋ ਦਿਨ ਬਾਅਦ ਹੋਈ ਹੈ।

ਇਨ੍ਹਾਂ ਮੰਦਰਾਂ ਨੂੰ ਬਣਾਇਆ ਗਿਆ ਨਿਸ਼ਾਨਾ

ਲੰਘੀ 16 ਜਨਵਰੀ ਨੂੰ ਕੈਰਮ ਡਾਊਨ ਵਿਚ ਸ੍ਰੀ ਸ਼ਿਵ ਵਿਸ਼ਣੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ, ਜਦੋਂ ਤਿੰਨ ਰੋਜ਼ਾ ਥਾਈ ਪੋਂਗਲ ਉਤਸਵ ਮਨਾਉਣ ਲਈ ਸ਼ਰਧਾਲੂ ਮੰਦਰ ਪੁੱਜੇ ਸਨ ਜਦਕਿ 12 ਜਨਵਰੀ ਨੂੰ ਮੈਲਬੌਰਨ ਦੇ ਮਿਲ ਪਾਰਕ ਇਲਾਕੇ ਵਿਚ ਸਵਾਮੀ ਨਾਰਾਇਣ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵਿਚ ਮੰਦਰ ਦੀਆਂ ਦੀਵਾਰਾਂ ’ਤੇ ਹਿੰਦੂ ਵਿਰੋਧੀ ਨਾਅਰੇ ਲਿਖੇ ਗਏ ਸਨ। ਘਟਨਾ ਤੋਂ ਬਾਅਦ ਸਵਾਮੀ ਨਾਰਾਇਣ ਮੰਦਰ ਵੱਲੋਂ ਕਿਹਾ ਗਿਆ ਸੀ ਕਿ ਉਹ ਨਫਰਤ ਦੇ ਇਨ੍ਹਾਂ ਕਾਰਿਆਂ ਤੋਂ ਬਹੁਤ ਦੁਖੀ ਅਤੇ ਹੈਰਾਨ ਹਨ।

Posted By: Shubham Kumar