ਸਿਡਨੀ (ਏਐੱਫਪੀ) : ਜੰਗਲਾਂ ਦੀ ਅੱਗ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਬਾਰਿਸ਼ ਤੋਂ ਬਾਅਦ ਰਾਹਤ ਮਿਲੀ ਹੈ। ਇਸ ਨਾਲ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਜੰਗਲਾਂ ਵਿਚ ਲੱਗੀ ਅੱਗ ਪੂਰੀ ਤਰ੍ਹਾਂ ਬੁੱਝ ਗਈ ਹੈ ਪ੍ਰੰਤੂ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੂਬੇ ਦੇ ਕਈ ਡੈਮ ਨੱਕੋ-ਨੱਕ ਭਰ ਗਏ ਹਨ।

ਨਿਊ ਸਾਊਥ ਵੇਲਜ਼ ਦੀ ਪੇਂਡੂ ਫਾਇਰ ਬਿ੍ਗੇਡ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਜੰਗਲਾਂ ਵਿਚ ਸਾਰੀਆਂ ਥਾਵਾਂ 'ਤੇ ਲੱਗੀ ਅੱਗ ਬੁੱਝ ਗਈ ਹੈ। ਬਾਰਿਸ਼ ਨਾਲ ਅੱਗ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੀ। ਪੂਰਬੀ ਅਤੇ ਦੱਖਣੀ ਆਸਟ੍ਰੇਲੀਆ ਦੇ ਜੰਗਲਾਂ ਵਿਚ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਲੱਗੀ ਅੱਗ ਵਿਚ 33 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਅੱਗ ਕਾਰਨ ਲੱਖਾਂ ਜਾਨਵਰ ਮਾਰੇ ਗਏ। ਢਾਈ ਹਜ਼ਾਰ ਤੋਂ ਜ਼ਿਆਦਾ ਘਰ ਤਬਾਹ ਹੋ ਗਏ। ਕਰੀਬ ਇਕ ਕਰੋੜ ਹੈਕਟੇਅਰ ਖੇਤਰ ਦੇ ਦਰੱਖ਼ਤ ਤੇ ਪੌਦੇ ਅੱਗ ਦੀ ਭੇਟ ਚੜ੍ਹ ਗਏ। ਜੰਗਲਾਂ ਵਿਚ ਅੱਗ ਕਾਰਨ ਸਿਡਨੀ ਸਮੇਤ ਕਈ ਸ਼ਹਿਰਾਂ ਵਿਚ ਗੰਭੀਰ ਸੰਕਟ ਖੜ੍ਹਾ ਹੋ ਗਿਆ ਸੀ। ਫਾਇਰ ਬਿ੍ਗੇਡ ਸੇਵਾ ਦੇ ਕਮਿਸ਼ਨਰ ਰਾਬ ਰੋਜਰਸ ਨੇ ਕਿਹਾ ਕਿ ਰਾਜ ਦੇ ਦੱਖਣੀ ਇਲਾਕੇ ਵਿਚ ਹੁਣ ਵੀ ਕੁਝ ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਰਾਜਧਾਨੀ ਕੈਨਬਰਾ ਦੇ ਨੇੜੇ ਦੇ ਜੰਗਲਾਂ ਵਿਚ ਵੀ ਅੱਗ ਪੂਰੀ ਤਰ੍ਹਾਂ ਨਹੀਂ ਬੁਝ ਪਾਈ ਹੈ।

ਡੈਮਾਂ ਦੇ ਉਪਰ ਤੋਂ ਵੱਗ ਰਿਹਾ ਪਾਣੀ

ਕਈ ਦਿਨਾਂ ਦੀ ਬਾਰਿਸ਼ ਕਾਰਨ ਨਿਊ ਸਾਊਥ ਵੇਲਜ਼ ਦੇ ਕਈ ਡੈਮ ਵੀਰਵਾਰ ਨੂੰ ਨੱਕੋ-ਨੱਕ ਭਰ ਗਏ। ਪਾਣੀ ਹੁਣ ਡੈਮਾਂ ਦੇ ਉਪਰ ਤੋਂ ਵਹਿ ਰਿਹਾ ਹੈ। ਸੂਬੇ ਦੀ ਰਾਜਧਾਨੀ ਸਿਡਨੀ ਦੇ ਨੇੜੇ ਸਥਿਤ ਨੇਪੀਅਨ ਡੈਮ ਵਿਚ ਸਮਰੱਥਾ ਤੋਂ ਜ਼ਿਆਦਾ ਪਾਣੀ ਭਰ ਗਿਆ ਹੈ। ਤਾਲੋਵਾ ਅਤੇ ਬੋਰਗੋ ਡੈਮ ਦਾ ਵੀ ਇਹੀ ਹਾਲ ਹੈ।