ਧਰਤੀ 'ਤੇ ਏਲੀਅਨ ਦੇ ਹਮਲੇ ਦੀਆਂ ਕਈ ਫਿਲਮਾਂ ਬਣ ਚੁੱਕੀਆਂ ਹਨ। ਹੁਣ ਇਹ ਕਾਲਪਨਿਕ ਕਹਾਣੀ ਜਲਦ ਅਸਲੀਅਤ 'ਚ ਬਦਲ ਸਕਦੀ ਹੈ। ਜੈਵ ਸੁਰੱਖਿਆ ਉਪਾਵਾਂ ਦੀ ਘਾਟ ਕਾਰਨ ਵਿਗਿਆਨੀਆਂ ਨੇ ਇਕ ਅਧਿਆਏ 'ਚ ਚਿਤਾਵਨੀ ਦਿੱਤੀ ਹੈ। ਐਡੀਲੇਡ ਯੂਨੀਵਰਸਿਟੀ ਦੇ ਖੋਜੀਆਂ ਅਨੁਸਾਰ ਸਪੇਸ ਇੰਡਸਟਰੀ ਨੂੰ ਭਵਿੱਖ ਵਿਚ ਜੈਵ ਸੁਰੱਖਿਆ ਖਤਰਿਆਂ ਤੋਂ ਜੋਖ਼ਮ ਹੋਣ ਦੀ ਸੰਭਾਵਨਾ ਹੈ। ਇਹ ਧਰਤੀ ਦੇ ਜੀਵਤ ਜੀਵਾਂ ਲਈ ਹਾਨੀਕਾਰਕ ਸਾਬਿਤ ਹੋ ਸਕਦੇ ਹਨ।

ਇਹ ਅਧਿਐਨ ਅੰਤਰਰਾਸ਼ਟਰੀ ਜਰਨਲ ਬਾਇਓਸਾਇੰਸ ਵਿੱਚ ਪ੍ਰਕਾਸ਼ਿਤ ਹੋਇਆ ਹੈ ਜਿਸ ਵਿੱਚ ਖੋਜਾਰਥੀਆਂ ਨੇ ਜੈਵ ਸੁਰੱਖਿਆ ਉਪਾਵਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਪੁਲਾੜ ਉਦਯੋਗ ਲਈ ਸੰਭਾਵੀ ਸੁਰੱਖਿਆ ਖਤਰਿਆਂ ਦੀ ਪਛਾਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗੇ ਜੈਵਿਕ ਸੁਰੱਖਿਆ ਉਪਾਵਾਂ ਨਾਲ ਪੁਲਾੜ 'ਚ ਰਹਿਣ ਵਾਲੇ ਜੀਵਾਂ ਨੂੰ ਵੀ ਧਰਤੀ 'ਤੇ ਲਿਆਂਦਾ ਜਾ ਸਕਦਾ ਹੈ।

ਸਪੇਸ ਬਾਇਓਸਕਿਓਰਿਟੀ ਧਰਤੀ 'ਤੇ ਲੋਕਾਂ ਨੂੰ ਦਰਪੇਸ਼ ਜੈਵਿਕ ਖ਼ਤਰਿਆਂ ਨੂੰ ਦਰਸਾਉਂਦੀ ਹੈ। ਐਡੀਲੇਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਕੈਸੀ ਨੇ ਕਿਹਾ ਕਿ ਜੋਖ਼ਮ ਘੱਟ ਹੋਣ ਦੀ ਸੰਭਾਵਨਾ ਹੈ, ਪਰ ਬਹੁਤ ਜ਼ਿਆਦਾ ਨਤੀਜਿਆਂ ਦੀ ਸੰਭਾਵਨਾ ਜੈਵ ਸੁਰੱਖਿਆ ਪ੍ਰਬੰਧਨ ਦੇ ਕੇਂਦਰ 'ਚ ਹੈ। ਅਧਿਐਨ 'ਚ ਖੋਜਕਰਤਾਵਾਂ ਨੇ ਧਰਤੀ ਅਤੇ ਸਮੁੰਦਰ ਦੇ ਦੂਰ-ਦੁਰਾਡੇ ਦੇ ਖੇਤਰਾਂ ਅਤੇ ਪੁਲਾੜ 'ਚ ਮਨੁੱਖਾਂ ਵੱਲੋਂ ਜੀਵਾਣੂਆਂ ਦੇ ਪ੍ਰਸਾਰ ਦੇ ਸਬੂਤ ਪ੍ਰਦਾਨ ਕੀਤੇ।

ਕੀ ਹੈ ਪੁਲਾੜ ਜੈਵ ਸੁਰੱਖਿਆ ?

ਅਧਿਐਨ 'ਚ ਲੇਖਕਾਂ ਨੇ ਸੁਝਾਅ ਦਿੱਤਾ ਕਿ ਏਲੀਅਨਜ਼ ਦਾ ਪਤਾ ਲਗਾਉਣ ਲਈ ਸਹੀ ਪ੍ਰੋਟੋਕੋਲ, ਤੇਜ਼ ਪ੍ਰਤੀਕਿਰਿਆ ਲਈ ਵਿਧੀ ਅਤੇ ਜੀਵ-ਜੰਤੂਆਂ ਦੇ ਫੈਲਣ ਨੂੰ ਰੋਕਣ ਲਈ ਰੋਕਥਾਮ ਪ੍ਰਕਿਰਿਆਵਾਂ ਜੈਵਿਕ ਹਮਲੇ ਦੇ ਖਤਰਿਆਂ ਨੂੰ ਘਟਾਉਣ 'ਚ ਮਦਦ ਕਰ ਸਕਦੀਆਂ ਹਨ। ਡਾਕਟਰ ਕੈਸੀ ਨੇ ਕਿਹਾ ਕਿ ਮੰਗਲ ਗ੍ਰਹਿ ਦੇ ਮੁਕਾਬਲੇ ਧਰਤੀ 'ਤੇ ਪ੍ਰੋਟੋਕੋਲ ਨੂੰ ਲਾਗੂ ਕਰ ਕੇ ਜੈਵਿਕ ਪ੍ਰਦੂਸ਼ਣ ਨੂੰ ਰੋਕਣਾ ਬਹੁਤ ਸਸਤਾ ਹੈ।

ਖੋਜ ਟੀਮ ਦੇ ਸਹਿ-ਲੇਖਕ ਡਾ. ਐਂਡਰਿਊ ਵੂਲਨਫ ਨੇ ਕਿਹਾ ਕਿ ਆਸਟ੍ਰੇਲੀਆ, ਜਿਸ ਕੋਲ ਦੁਨੀਆ ਦੀ ਸਭ ਤੋਂ ਵਧੀਆ ਜੈਵ ਸੁਰੱਖਿਆ ਹੈ। ਉਹ ਹਮਲਾ ਵਿਗਿਆਨ ਦੇ ਖੇਤਰ 'ਚ ਮੁਹਾਰਤ ਦਾ ਯੋਗਦਾਨ ਪਾ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਹਮਲਾ ਜੀਵ ਵਿਗਿਆਨੀ ਫਿਲਹਾਲ ਪੁਲਾੜ ਖੋਜ ਗ੍ਰਹਿ ਸੁਰੱਖਿਆ 'ਚ ਸ਼ਾਮਲ ਨਹੀਂ ਹੋਏ ਹਨ। ਖਗੋਲ ਵਿਗਿਆਨੀ, ਪੁਲਾੜ ਜੀਵ ਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਇਕ ਵੱਡਾ ਸਹਿਯੋਗ ਧਰਤੀ ਦੀ ਸੁਰੱਖਿਆ ਨੂੰ ਵਧਾ ਸਕਦਾ ਹੈ।

Posted By: Seema Anand