ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਐਡੀਲੇਡ ਦੇ ਰਹਿਣ ਵਾਲੇ ਤੇ ਅੰਮਿ੍ਤਸਰ ਨਾਲ ਸਬੰਧਤ ਕੇ ਡੀ ਸਿੰਘ ਆਹਲੂਵਾਲੀਆ ਨੂੰ ਸਰਬੋਤਮ ਆਰਥਿਕ ਮਾਹਿਰ ਦੇ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਤੇ ਦਿਨੀਂ ਆਸਟ੍ਰੇਲੀਆ ਦੀ ਵਕਾਰੀ ਸੰਸਥਾ ਮੈਰਗੈਜ਼ ਐਂਡ ਫਾਇਨਾਂਸ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵੱਲੋਂ 2019 ਦੇ ਐਵਾਰਡ ਲਈ ਜੇਤੂ ਐਲਾਨਦੇ ਹੋਏ ਸੰਸਥਾ ਦੀ ਚੇਅਰਮੈਨ ਡੈਨਾ ਬੀਜਲੇ ਵੱਲੋਂ ਇਹ ਐਲਾਨ ਕੀਤਾ ਗਿਆ। ਐਡੀਲੇਡ 'ਚ ਰੱਖੇ ਗਏ ਸਮਾਗਮ ਸਮੇਂ ਐੱਮਐੱਫਏ ਦੇ ਅਧਿਕਾਰੀ ਨੇ ਕੇ ਡੀ ਸਿੰਘ ਆਹਲੂਵਾਲੀਆ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਹ ਆਪਣੇ ਕੰਮ ਦੇ ਖੇਤਰ 'ਚ ਮਾਹਿਰ ਵਜੋਂ ਜਾਣੇ ਜਾਂਦੇ ਹਨ ਤੇ ਆਪਣੀ ਮਿਹਨਤ ਤੇ ਲਗਨ ਕਰਕੇ ਉਹ ਇਸ ਪੁਰਸਕਾਰ ਦੇ ਹੱਕਦਾਰ ਬਣੇ ਹਨ। ਉੁੁਨ੍ਹਾਂ ਕਿਹਾ ਕਿ ਇਸ ਨਾਲ ਐੱਮਐੱਫਏ ਸੰਸਥਾ ਦਾ ਮਾਣ ਵੀ ਵਧਿਆ ਹੈ।

ਆਹਲੂਵਾਲੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਪੱਧਰੀ ਪੁਰਸਕਾਰ ਮਿਲਣ 'ਤੇ ਉਹ ਮਾਣ ਮਹਿਸੂਸ ਕਰ ਰਹੇ ਹਨ ਤੇ ਉਹ ਭਵਿੱਖ ਵਿਚ ਵੀ ਹੋਰ ਮਿਹਨਤ ਨਾਲ ਕੰਮ ਕਰਣਗੇ।ਕੇ ਡੀ ਸਿੰਘ ਆਹਲੂਵਾਲੀਆ ਨੇ ਇਸ ਪ੍ਰਾਪਤੀ ਲਈ ਸਭਨਾਂ ਤੋਂ ਮਿਲੇ ਸਹਿਯੌਗ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਆਹਲੂਵਾਲੀਆ ਮਨੀ ਮਰਚੈਂਟ ਫਾਇਨੈਂਸ਼ੀਅਲ ਸਰਵਿਸਿਜ਼ ਕੰਪਨੀ ਰਾਹੀਂ ਸੇਵਾਵਾਂ ਦੇ ਰਹੇ ਹਨ।