International news ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ਦੇ ਵਿਵਾਦਤ ਰੇਡੀਓ ਜੌਕੀ ਹਰਨੇਕ ਸਿੰਘ ਨੇਕੀ ਦੇ ਨਜ਼ਦੀਕੀ ਸਾਥੀਆਂ ਤੇ ਪਤਨੀ ਨੇ ਅੱਜ ਪਹਿਲੀ ਵਾਰ ਕੌਮੀ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਨੇਕੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਾਰ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਹਾਲਾਂਕਿ ਹਸਪਤਾਲ 'ਚ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਹੈ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰੇਡੀਓ ਵਿਰਸਾ 'ਤੇ ਨੇਕੀ ਨਾਲ ਸਾਥ ਨਿਭਾਉਣ ਵਾਲੇ ਸੁਖਮਿੰਦਰ ਸਿੰਘ ਨੇ ਘਟਨਾ ਤੋਂ ਬਾਅਦ ਅੱਜ ਪਹਿਲੀ ਵਾਰ ਦੱਸਿਆ ਗਿਆ ਕਿ ਹਰਨੇਕ ਸਿੰਘ ਨੇਕੀ 'ਤੇ ਜਦੋਂ 23 ਦਸੰਬਰ ਦੀ ਰਾਤ 10 ਕੁ ਵਜੇ ਹਮਲਵਰਾਂ ਨੇ ਹਮਲਾ ਕੀਤਾ ਤਾਂ ਉਸ ਵੇਲੇ ਨੇਕੀ ਆਪਣੇ ਘਰ ਜਾ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਪਤਾ ਨਹੀਂ ਕਿ ਨੇਕੀ ਹਮਲੇ ਵਿੱਚੋਂ ਬੱਚ ਕਿਵੇਂ ਗਿਆ? ਹਾਲਾਂਕਿ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਨਾਲ ਨੇਕੀ ਦੀ ਹਾਲਤ ਬਹੁਤ ਹੀ ਗੰਭੀਰ ਸੀ। ਸੁਖਮਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਜੁਲਾਈ ਮਹੀਨੇ ਆਕਲੈਂਡ ਦੇ ਇਕ ਰੈਸਟੋਰੈਂਟ 'ਚ ਨੇਕੀ 'ਤੇ ਹਮਲਾ ਹੋਇਆ ਸੀ ਅਤੇ ਉਸ ਨੂੰ ਲਗਾਤਾਰ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਨੇਕੀ ਦੇ ਇਕ ਹੋਰ ਸਾਥੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨੇਕੀ ਉਸ ਦੇ ਭਰਾ ਵਰਗਾ ਹੈ ਅਤੇ ਉਹ ਰੇਡੀਓ ਵਿਰਸਾ ਦੀ ਟੀਮ ਦੇ ਮੈਂਬਰ ਹਨ ਤੇ ਨੇਕੀ ਉਨ੍ਹਾਂ ਦਾ ਕੈਪਟਨ ਹੈ ਪਰ ਜੋ ਕੁਝ 23 ਦਸੰਬਰ ਨੂੰ ਹੋਇਆ ਉਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਨੇਕੀ ਸੀ ਪਤਨੀ ਪ੍ਰਭਜੀਤ ਦਾ ਕਹਿਣਾ ਹੈ ਕਿ ਨੇਕੀ ਹਸਪਤਾਲ 'ਚ ਹੈ ਪਰ ਉਸ ਦੀ ਹਾਲਤ ਠੀਕ ਹੈ।

ਨੇਕੀ ਦੇ ਘਰ ਕੋਲ ਵੈਟਲ ਡਾਊਨ ਏਰੀਏ 'ਚ ਕੇਡਰ ਪਾਰਕ ਸੁਪਰੈਟ ਦੇ ਮਾਲਕ ਉਦੇ ਪਟੇਲ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਆਂਢ-ਗੁਆਂਢ ਦੇ ਲੋਕਾਂ ਨੂੰ ਸਦਮਾ ਲੱਗਾ ਹੈ ਕਿਉਂਕਿ ਪਹਿਲਾਂ ਅਜਿਹੀ ਘਟਨਾ ਕਦੇ ਵੀ ਨਹੀਂਂ ਹੋਈ। ਇਹ ਏਰੀਆ ਬਹੁਤ ਹੀ ਸੁਰੱਖਿਅਤ ਅਤੇ ਸ਼ਾਂਤ ਹੈ ਜਿਸ ਕਰਕੇ ਉਸ ਨੂੰ ਖ਼ੁਦ ਨੂੰ ਯਕੀਨ ਨਹੀਂਂ ਕਿ ਅਜਿਹੀ ਘਟਨਾ ਹੋ ਸਕਦੀ ਹੈ। ਪਟੇਲ ਨੇ ਦੱਸਿਆ ਕਿ ਭਾਵੇਂ ਘਟਨਾ ਵਾਪਰਣ ਤੋਂ ਪਹਿਲਾਂ ਉਸ ਦੀ ਦੁਕਾਨ ਬੰਦ ਹੋ ਚੁੱਕੀ ਸੀ ਪਰ ਅਗਲੇ ਦਿਨ ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਸੀ।

ਨੇਕੀ ਦੇ ਕੁਝ ਗੁਆਂਢੀਆਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ। ਇਕ ਹੋਰ ਗੁਆਂਢੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸਾਇਰਨ ਦੀ ਅਵਾਜ਼ ਸੁਣੀ ਸੀ ਤਾਂ ਉਸ ਨੂੰ ਲੱਗਾ ਕਿ ਕਿਤੇ ਕਾਰ ਦਾ ਐਕਸੀਡੈਂਟ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਕਾਊਂਟੀਜ ਮਾਨੁਕਾਊ ਦੇ ਡਿਟੈਕਟਿਵ ਇੰਸਪੈਕਟਰ ਕਰਿਸ ਬੈਰੀ ਅਨੁਸਾਰ ਪੁਲਿਸ ਦੀ ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਨੇਕੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਿੱਖ ਧਰਮ ਦੀਆਂ ਪ੍ਰੰਪਰਾਵਾਂ 'ਤੇ ਚੁੱਕੀ ਜਾ ਰਹੀ ਉਂਗਲ ਨੂੰ ਲੈ ਕੇ ਸਿੱਖ ਸੰਗਤ ਨੇ ਉਸ ਖ਼ਿਲਾਫ਼ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਵੱਲੋਂ ਨੇਕੀ ਨੂੰ ਪੰਥ 'ਚੋਂ ਛੇਕ ਦਿੱਤਾ ਗਿਆ। ਇਸ ਤੋਂ ਇਲਾਵਾ ਨਿਊਜ਼ੀਲੈਂਡ 'ਚ ਉਸ ਦੇ ਖ਼ਿਲਾਫ਼ ਕੁਝ ਸਾਲ ਪਹਿਲਾਂ ਪ੍ਰਦਰਸ਼ਨ ਵੀ ਹੋਏ ਸਨ ਅਤੇ ਮੌਜੂਦਾ ਕਿਸਾਨੀ ਸੰਘਰਸ਼ 'ਤੇ ਟਿੱਪਣੀਆਂ ਕਰਨ ਕਰਕੇ ਉਹ ਨੌਜਵਾਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋ ਰਿਹਾ ਸੀ।