ਮੈਲਬੌਰਨ (ਪੀਟੀਆਈ) : ਅਫ਼ਗਾਨਿਸਤਾਨ ਵਿਚ ਤਾਇਨਾਤੀ ਦੌਰਾਨ ਆਸਟ੍ਰੇਲੀਆ ਦੀ ਫ਼ੌਜ ਦੇ 19 ਜਵਾਨਾਂ ਨੂੰ ਯੁੱਧ ਅਪਰਾਧ ਦਾ ਦੋਸ਼ੀ ਮੰਨਿਆ ਗਿਆ ਹੈ। ਫ਼ੌਜ ਦੇ ਇਨ੍ਹਾਂ ਜਵਾਨਾਂ ਨੇ 39 ਨਿਰਦੋਸ਼ ਅਫ਼ਗਾਨ ਨਾਗਰਿਕਾਂ ਦੀ ਹੱਤਿਆ ਕੀਤੀ ਸੀ। ਫ਼ੌਜ ਦੀ ਯੁੱਧ ਅਪਰਾਧ ਦੇ ਸਬੰਧ ਵਿਚ ਵੀਰਵਾਰ ਨੂੰ ਆਈ ਰਿਪੋਰਟ ਵਿਚ ਇਹ ਮਾਮਲਾ ਉਜਾਗਰ ਹੋਇਆ ਹੈ। ਆਸਟ੍ਰੇਲੀਆ ਦੇ ਫ਼ੌਜ ਮੁਖੀ ਨੇ ਅਫ਼ਗਾਨਿਸਤਾਨ ਅਤੇ ਆਪਣੇ ਦੇਸ਼ ਦੋਵਾਂ ਤੋਂ ਹੀ ਇਕ ਕੰਮ ਲਈ ਮਾਫ਼ੀ ਮੰਗੀ ਹੈ।

ਚਾਰ ਸਾਲ ਪਹਿਲੇ ਇਕ ਵਿ੍ਹਸਲ ਬਲੋਅਰ ਦੀ ਸ਼ਿਕਾਇਤ ਪਿੱਛੋਂ ਮੁਕੱਦਮੇ ਦੀ ਸੁਣਵਾਈ ਕੀਤੀ ਗਈ। ਮਾਮਲੇ ਵਿਚ 400 ਜਵਾਨਾਂ ਦੀ ਗਵਾਹੀ ਹੋਈ। ਅਦਾਲਤ ਨੇ ਮੰਨਿਆ ਕਿ 29 ਅਜਿਹੀਆਂ ਘਟਨਾਵਾਂ ਹੋਈਆਂ ਜੋ ਜੰਗ ਦੇ ਨਿਯਮਾਂ ਖ਼ਿਲਾਫ਼ ਸਨ। ਇਨ੍ਹਾਂ ਵਿਚ 39 ਅਫ਼ਗਾਨ ਨਾਗਰਿਕ ਮਾਰ ਦਿੱਤੇ ਗਏ। ਇਨ੍ਹਾਂ ਵਿੱਚੋਂ ਦੋ ਘਟਨਾਵਾਂ ਬਹੁਤ ਭਿਆਨਕ ਸਨ। ਘਟਨਾ ਲਈ ਆਸਟ੍ਰੇਲੀਆ ਦੇ ਫ਼ੌਜ ਮੁਖੀ ਏਂਗਸ ਕੈਂਪਬੈਲ ਨੇ ਮਾਫ਼ੀ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਫ਼ੌਜ ਦੇ ਵਿਹਾਰ ਖ਼ਿਲਾਫ਼ ਹੈ। ਜੰਗ ਦੇ ਵੀ ਨਿਯਮ ਹੁੰਦੇ ਹਨ ਅਤੇ ਅਫ਼ਸੋਸ ਹੈ ਕਿ ਸਾਡੇ ਕੁਝ ਜਵਾਨਾਂ ਨੇ ਉਨ੍ਹਾਂ ਨਿਯਮਾਂ ਦਾ ਉਲੰਘਣ ਕੀਤਾ।

ਇਹ ਘਟਨਾਵਾਂ 2003 ਤੋਂ 2016 ਵਿਚਕਾਰ ਅਫ਼ਗਾਨਿਸਤਾਨ ਵਿਚ ਆਸਟ੍ਰੇਲਿਆਈ ਫ਼ੌਜ ਦੀ ਮੌਜੂਦਗੀ ਦੌਰਾਨ ਕੀਤੀਆਂ ਗਈਆਂ। ਦੋਸ਼ੀਆਂ ਵਿੱਚੋਂ ਕੁਝ ਅਜੇ ਵੀ ਫ਼ੌਜ ਵਿਚ ਮੌਜੂਦ ਹਨ ਅਤੇ ਕੁਝ ਸੇਵਾਮੁਕਤ ਹੋ ਗਏ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਫ਼ੌਜ ਦੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Posted By: Rajnish Kaur