ਠੰਢ ਕਾਰਨ ਬੁੱਲ੍ਹਾਂ ਦਾ ਫਟਣਾ ਆਮ ਗੱਲ ਹੈ। ਚਮੜੀ ਦੇ ਬਹੁਤ ਜ਼ਿਆਦਾ ਫਟਣ ਨਾਲ ਖੂਨ ਵਹਿਣਾ ਵੀ ਆਮ ਗੱਲ ਹੈ। ਠੰਢ ਦੇ ਮੌਸਮ 'ਚ ਬੁੱਲ੍ਹਾਂ ਦਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਬੁੱਲ੍ਹਾਂ ਨੂੰ ਵਾਰ-ਵਾਰ ਛੂਹਣਾ, ਜੀਭ ਲਗਾਉਣਾ, ਸਾਹ ਲੈਣ ਦੇ ਗਲਤ ਤਰੀਕੇ ਆਦਿ ਬੁੱਲ੍ਹਾਂ 'ਚੋਂ ਨਮੀ ਦੀ ਮਾਤਰਾ ਨੂੰ ਘਟਾ ਦਿੰਦੇ ਹਨ, ਜਿਸ ਨਾਲ ਬੁੱਲ੍ਹ ਫਟਣ ਲੱਗਦੇ ਹਨ।
ਜ਼ਿਆਦਾ ਮਾਤਰਾ 'ਚ ਲਿਪ ਲਾਈਨਰ, ਲਿਪ ਗਲਾਸ ਲਗਾਉਣ ਤੋਂ ਬਚੋ। ਵਿਟਾਮਿਨ ਤੇ ਖਣਿਜ ਭਰਪੂਰ ਸੰਤੁਲਿਤ ਭੋਜਨ ਲਓ, ਤਾਂ ਜੋ ਬੁੱਲ੍ਹਾਂ ਦੀ ਨਮੀ ਬਣੀ ਰਹੇ।
ਪੈਟਰੋਲੀਅਮ ਜੈਲੀ ਜਾਂ ਲਿਪ ਬਾਮ ਹਮੇਸ਼ਾ ਆਪਣੇ ਨਾਲ ਰੱਖੋ। ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਬੁੱਲ੍ਹ ਸੁੱਕ ਰਹੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਲਗਾਓ।
ਬੁੱਲ੍ਹਾਂ 'ਤੇ ਸਨਸਕ੍ਰੀਨ ਲੋਸ਼ਨ ਲਗਾਓ। ਇਹ ਨਾ ਸਿਰਫ਼ ਚਮੜੀ ਨੂੰ ਨਮੀ ਦਿੰਦਾ ਹੈ, ਸਗੋਂ ਇਸ ਦੀ ਸੁਰੱਖਿਆ ਵੀ ਕਰਦਾ ਹੈ। ਸਨਸਕ੍ਰੀਨ ਲਗਾ ਕੇ ਧੁੱਪ ਵਿਚ ਨਿਕਲਣ ਨਾਲ ਬੁੱਲ੍ਹ ਨਹੀਂ ਫਟਣਗੇ।
ਸਰਦੀਆਂ ਦੇ ਮੌਸਮ 'ਚ ਜ਼ਿਆਦਾ ਪਿਆਸ ਨਹੀਂ ਲੱਗਦੀ, ਫਿਰ ਵੀ ਕਾਫ਼ੀ ਮਾਤਰਾ 'ਚ ਪਾਣੀ ਪੀਓ, ਇਸ ਨਾਲ ਤੁਹਾਡਾ ਪੂਰਾ ਸਰੀਰ ਹਾਈਡ੍ਰੇਟ ਰਹੇਗਾ।