ਮੰਨੇ ਪ੍ਰਮੰਨੇ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਅਦਾਕਾਰ ਦਾ ਅਸਲੀ ਨਾਂ ਜਸਦੀਪ ਸਿੰਘ ਗਿੱਲ ਹੈ। ਪੰਜਾਬੀ ਤੇ ਹਿੰਦੀ ਇੰਡਸਟਰੀ 'ਚ ਉਨ੍ਹਾਂ ਦੀ ਖਾਸੀ ਫੈਨ-ਫਾਲੋਇੰਗ ਹੈ।
ਪਹਿਲੀ ਮਿਊਜ਼ਿਕ ਐਲਬਮ ਰਿਲੀਜ਼ ਕਰਨ ਲਈ ਜੱਸੀ ਨੂੰ ਸਖ਼ਤ ਮਿਹਨਤ 'ਚੋਂ ਗੁਜ਼ਰਨਾ ਪਿਆ। ਮਨੋਰੰਜਨ ਜਗਤ 'ਚ ਆਪਣਾ ਸਿੱਕਾ ਚਲਾਉਣ ਤੋਂ ਪਹਿਲਾਂ ਜੱਸੀ ਆਸਟ੍ਰੇਲੀਆ 'ਚ ਭੈਣ ਕੋਲ ਗਏ ਤੇ ਉੱਥੇ ਲੋਕਾਂ ਦੀਆਂ ਕਾਰਾਂ ਧੋਣ ਦਾ ਕੰਮ ਕੀਤਾ।
ਜੱਸੀ ਨੇ ਸਾਲ 2013 'ਚ ਪਹਿਲੀ ਐਲਬਮ ਬੈਚਮੈਟ ਰਿਲੀਜ਼ ਕੀਤੀ। ਪਹਿਲੇ ਗਾਣੇ ਤੋਂ ਹੀ ਜੱਸੀ ਸੁਪਰਸਟਾਰ ਬਣ ਗਏ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਮਿਊਜ਼ਿਕ 'ਚ ਕਾਯਮਾਬੀ ਤੋਂ ਬਾਅਦ ਪੰਜਾਬੀ ਫਿਲਮਾਂ 'ਚ ਵੀ ਕੰਮ ਮਿਲਣ ਲੱਗਾ।
ਜੱਸੀ ਨੇ ਬਾਲੀਵੁੱਡ 'ਚ ਡੈਬਿਊ 'ਹੈੱਪੀ ਫਿਰ ਭਾਗ ਜਾਏਗੀ' ਫਿਲਮ ਤੋਂ ਕੀਤਾ ਸੀ। ਫਿਰ ਕੰਗਨਾ ਰਣੌਤ ਨਾਲ ਫਿਲਮ 'ਪੰਗਾ' 'ਚ ਉਸ ਦੇ ਪਤੀ ਦਾ ਕਿਰਦਾਰ ਨਿਭਾਇਆ। ਫਿਲਮ 'ਚ ਉਨ੍ਹਾਂ ਦਾ ਕਿਰਦਾਰ ਖ਼ੂਬ ਸਰਾਹਿਆ ਗਿਆ ਸੀ।
ਪਹਿਲਾਂ ਜੱਸੀ ਵਿਆਹੁਤਾ ਜ਼ਿੰਦਗੀ ਬਾਰੇ ਸਪੱਸ਼ਟ ਜਵਾਬ ਨਹੀਂ ਦਿੰਦੇ ਸਨ, ਹਾਲਾਂਕਿ ਬਾਅਦ ਵਿਚ ਪਤਨੀ ਰੁਪਿੰਦਰ ਕੌਰ ਤੇ ਬੇਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਰੁਪਿੰਦਰ-ਜੱਸੀ ਦੋਵਾਂ ਦੀ ਲਵ ਸਟੋਰੀ ਕਾਲਜ ਤੋਂ ਸ਼ੁਰੂ ਹੋਈ ਸੀ।
ਆਪਣੇ ਕਰੀਅਰ ਦੌਰਾਨ ਜੱਸੀ ਗਿੱਲ ਨੇ 'ਬਾਪੂ ਜਿਮੀਂਦਾਰ', 'ਲਾਦੇਨ', 'ਗਭਰੂ', 'ਨਖਰੇ', 'ਨਿਕਲੇ ਕਰੰਟ' ਤੇ 'ਓਏ ਹੋਏ ਹੋਏ' ਵਰਗੇ ਸੁਪਰਹਿੰਟ ਗਾਣੇ ਦਿੱਤੇ ਹਨ।
ਜੱਸੀ ਗਿੱਲ ਬਾਲੀਵੁੱਡ ਫਿਲਮਾਂ 'ਹੈੱਪੀ ਫਿਰ ਭਾਗ ਜਾਏਗੀ', 'ਪੰਗਾ' ਤੇ ਹਾਲ ਹੀ 'ਚ ਆਈ ਫਿਲਮ 'ਕਯਾ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ' 'ਚ ਨਜ਼ਰ ਆਏ ਸਨ।
ਸਾਲ 2022 'ਚ ਜੱਸੀ ਗਿੱਲ ਦਾ ਗਾਣਾ 'ਵਿਆਹ' ਰਿਲੀਜ਼ ਹੋਇਆ। ਇਹ ਗਾਣਾ ਮਾਰਚ ਮਹੀਨੇ ਰਿਲੀਜ਼ ਹੋਇਆ ਸੀ ਤੇ ਹੁਣ ਤਕ ਇਸ ਨੂੰ 64 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।