ਜਦੋਂ ਵੀ ਟੀਵੀ ਕੁਈਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਏਕਤਾ ਕਪੂਰ ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਅੱਜ ਵੀ ਦਰਸ਼ਕਾਂ ਨੂੰ ਕਿਸੇ ਸ਼ੋਅ ਦਾ ਨਾਂ ਯਾਦ ਹੋਵੇ ਜਾਂ ਨਾ, ਪਰ ਏਕਤਾ ਕਪੂਰ ਦਾ ਨਾਂ ਜ਼ਰੂਰ ਯਾਦ ਰਹਿੰਦਾ ਹੈ।
ਏਕਤਾ ਅੱਜ ਇੰਡਸਟਰੀ ਦੀ ਸਭ ਤੋਂ ਸਫਲ ਮਹਿਲਾ ਨਿਰਮਾਤਾ ਹੈ। ਹਰ ਸਫਲ ਵਿਅਕਤੀ ਦੇ ਪਿੱਛੇ ਇੱਕ ਵੱਡਾ ਸੰਘਰਸ਼ ਹੁੰਦਾ ਹੈ। ਏਕਤਾ ਦਾ ਸ਼ੁਰੂਆਤੀ ਸਫਰ ਵੀ ਮੁਸ਼ਕਿਲਾਂ ਭਰਿਆ ਰਿਹਾ ਹੈ।
ਏਕਤਾ ਕਪੂਰ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਏਕਤਾ ਕਪੂਰ ਦਾ ਜਨਮ 7 ਜੂਨ 1975 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ। ਪਿਤਾ ਜਤਿੰਦਰ ਆਪਣੇ ਸਮੇਂ ਦੇ ਮਸ਼ਹੂਰ ਅਭਿਨੇਤਾ ਸਨ ਜਦਕਿ ਮਾਂ ਸ਼ੋਭਾ ਕਪੂਰ ਨਿਰਮਾਤਾ ਸੀ।
ਏਕਤਾ ਨੂੰ ਬਚਪਨ 'ਚ ਹੀ ਆਪਣੇ ਪਿਤਾ ਦੇ ਕਾਰਨ ਫਿਲਮ ਇੰਡਸਟਰੀ 'ਚ ਜਾਣ-ਪਛਾਣ ਮਿਲੀ ਸੀ। ਬਚਪਨ ਤੋਂ ਹੀ ਏਕਤਾ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ।
ਏਕਤਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਮੂਲੀ ਨੌਕਰੀ ਤੋਂ ਕੀਤੀ ਸੀ। ਪਿਤਾ ਇੱਕ ਸਟਾਰ ਸਨ, ਪਰ ਏਕਤਾ ਨੇ ਆਪਣੇ ਪਿਤਾ ਦੀ ਮਦਦ ਲਏ ਬਿਨਾਂ ਆਪਣੇ ਕਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ।
ਸਿਰਫ਼ 17 ਸਾਲ ਦੀ ਉਮਰ ਵਿੱਚ ਏਕਤਾ ਨੇ ਕੰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਉਸਨੇ ਵਿਗਿਆਪਨ ਫਿਲਮ ਨਿਰਮਾਤਾ ਕੈਲਾਸ਼ ਸੁਰੇਂਦਰਨਾਥ ਨਾਲ ਇੰਟਰਨਸ਼ਿਪ ਸ਼ੁਰੂ ਕੀਤੀ।
ਇੰਟਰਨਸ਼ਿਪ ਪੂਰੀ ਹੋਈ ਤਾਂ ਏਕਤਾ ਨੇ ਐਡ ਕੰਪਨੀ 'ਚ ਕੰਮ ਕਰਨਾ ਸ਼ੁਰੂ ਕੀਤਾ। ਏਕਤਾ ਦੀ ਮਿਹਨਤ ਤੇ ਲਗਨ ਨੂੰ ਵੇਖਦਿਆਂ, ਉਸਦੇ ਪਿਤਾ ਨੇ ਉਸਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਸਹਾਇਤਾ ਦਿੱਤੀ।
ਇਸ ਤੋਂ ਬਾਅਦ ਏਕਤਾ ਨੇ ਬਾਲਾਜੀ ਟੈਲੀਫਿਲਮਜ਼ 'ਚ ਬਤੌਰ ਨਿਰਮਾਤਾ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਏਕਤਾ ਕਪੂਰ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਉਸ ਦੇ ਪ੍ਰੋਡਕਸ਼ਨ ਹਾਊਸ ਬਾਲਾਜੀ ਪ੍ਰੋਡਕਸ਼ਨ ਦੀ ਕੀਮਤ ਕਰੀਬ 400 ਕਰੋੜ ਰੁਪਏ ਹੈ। ਮੀਡੀਆ ਰਿਪੋਰਟਾਂ ਮੁਤਾਬਕ ਏਕਤਾ ਦੀ ਕੁੱਲ ਜਾਇਦਾਦ 95 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਏਕਤਾ ਦੀਆਂ ਦੇਸ਼ ਭਰ 'ਚ ਕਈ ਰੀਅਲ ਅਸਟੇਟ ਜਾਇਦਾਦਾਂ ਹਨ। ਏਕਤਾ ਭਾਵੇਂ ਫਿਲਮੀ ਪਿਛੋਕੜ ਨਾਲ ਸਬੰਧਤ ਹੋਵੇ, ਪਰ ਉਸਨੇ ਸਭ ਕੁਝ ਆਪਣੀ ਯੋਗਤਾ 'ਤੇ ਹਾਸਲ ਕੀਤਾ ਹੈ।