ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਕਾਲ 'ਚ ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨ ਦਾ ਇਸਤੇਮਾਲ ਕਰ ਰਹੇ ਹਨ। ਦਰਅਸਲ, ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸਲਈ ਅੱਜ-ਕੱਲ੍ਹ ਡਿਜੀਟਲ ਲੈਣ-ਦੇਣ ਵੱਡਾ ਸਹਾਰਾ ਬਣਿਆ ਹੋਇਆ ਹੈ। ਇਸ ਦਿਸ਼ਾ 'ਚ ਕਦਮ ਵਧਾਉਂਦਿਆਂ ਯੈੱਸ ਬੈਂਕ ਨੇ UDMA ਤਕਨਾਲੋਜੀ ਨਾਲ ਮਿਲ ਕੇ ਸਮਾਰਟਫੋਨ ਤੇ ਫੀਚਰ ਫੋਨ ਯੂਜ਼ਰਜ਼ ਲਈ ਡਿਜੀਟਲ ਵਾਲੇਟ ਐਪ ਯੁਵਾ ਲਾਂਚ ਕੀਤਾ ਹੈ। ਇਸ 'ਚ ਭਾਰਤ ਬਿੱਲ ਪੇ ਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਰਾਹੀਂ ਬਿੱਲ ਭੁਗਤਾਨ ਕੀਤਾ ਜਾ ਸਕਦਾ ਹੈ। ਇਹ ਘੱਟ ਕੇਵਾਈਸੀ ਨਿਯਮਾਂ ਤਹਿਤ ਜਾਰੀ ਡਿਜੀਟਲ ਵਾਲੇਟ ਹੈ।

ਇਸ ਐਪ ਰਾਹੀਂ ਐੱਲ਼ਪੀਜੀ, ਡੀਟੀਐੱਚ, ਨਗਰਪਾਲਿਕਾ, ਪ੍ਰਾਪਰਟੀ ਟੈਕਸ, ਮੋਬਾਈਲ ਬਿੱਲ, ਲਾਇਸੈਂਸ ਫੀਸ, ਬਿਜਲੀ, ਵਿੰਡਮਿਲ ਤੇ ਸੋਲਰ ਪਾਰਕ ਫੀਸ, ਭਵਨ ਨਿਰਮਾਣ ਫੀਸ ਤੇ ਬਿੱਲ ਬੋਰਡ ਵਰਗੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਫਾਸਟੈਗ ਚਾਰਜ, ਸਕੂਲ ਫੀਸ, ਬੀਮਾ ਨਵੀਨਕਰਨ ਤੇ ਖੁਦਰਾ ਦੁਕਾਨਾਂ 'ਤੇ ਭੁਗਤਾਨ ਤੇ ਈਐੱਮਆਈ ਭੁਗਤਾਨ ਵੀ ਕੀਤਾ ਜਾ ਸਕਦਾ ਹੈ। ਯੁਵਾ ਐਪ ਰਾਹੀਂ ਗਾਹਕ ਅਕਾਊਂਟ ਬੈਲੇਂਸ ਚੈੱਕ, ਰਿਚਾਰਜ ਜਾਂ ਟਾਪ ਅਪ, ਫੰਡ ਟਰਾਂਸਫਰ ਤੇ ਰਿਵਾਰਡ ਪਲੇਟਫਾਰਮ ਲਈ ਬੈਂਕਿੰਗ ਐਪ ਰਾਹੀਂ ਇਸਤੇਮਾਲ ਕਰ ਸਕਦੇ ਹਨ।

ਕੇਵਾਈਸੀ ਪ੍ਰਕਿਰਿਆ ਕਰਨੀ ਹੋਵੇਗੀ ਪੂਰੀ

ਜੋ ਯੂਜ਼ਰ ਫੀਚਰ ਫੋਨ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਕੇਵਾਈਸੀ ਪ੍ਰਕਿਰਿਆ ਪੂਰੀ ਕਰਨ ਲਈ ਨਜ਼ਦੀਕੀ ਯੁਵਾ ਮਿੱਤਰ ਐਸੋਸੀਏਟ ਕੋਲ ਜਾਣਾ ਪਵੇਗਾ। ਅਥੰਟੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਵਾਲੇਟ ਐਕਟਿਵ ਹੋਵੇਗਾ ਤੇ ਯੂਜ਼ਰ ਇੰਟਰਐਕਟਿਵ ਵਾਇਸ ਰਿਸਪਾਂਸ ਸਰਵਿਸਿਜ਼ ਰਾਹੀਂ ਇਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

ਐਂਡਰਾਇਡ ਪਲੇਅ ਸਟੋਰ 'ਤੇ ਮੌਜੂਦ

ਇਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਵਾਲੇਟ 'ਚ ਤੁਸੀਂ ਪੈਸੇ ਜੋੜ ਸਕਦੇ ਹੋ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ, ਯੂਜ਼ਰਜ਼ ਦਾ ਵਾਲੇਟ ਐਕਟੀਵੇਟ ਹੋਣ ਤੋਂ ਬਾਅਦ 24 ਮਹੀਨਿਆਂ ਦੇ ਅੰਦਰ ਬਾਓਮੈਟ੍ਰਿਕ ਅਧਾਰਿਤ ਕੇਵਾਈਸੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਇੰਟਰਨੈੱਟ ਕੁਨੈਕਸ਼ਨ ਨਾ ਹੋਣ ਦੀ ਸਥਿਤੀ 'ਚ ਪੇਮੈਂਟ ਰਿਕਵੈਸਟ ਐਨਕ੍ਰਪਟਿਡ SMS 'ਚ ਬਦਲ ਜਾਂਦੀ ਹੈ ਤੇ ਲੈਣ-ਦੇਣ ਆਫਲਾਈਨ ਮੋਡ 'ਚ ਪੂਰਾ ਹੋ ਜਾਂਦਾ ਹੈ। ਜੇ ਇੰਟਰਨੈੱਟ ਕੁਨਕੈਸ਼ਨ ਮੌਜੂਦ ਹੈ ਤਾਂ ਯੂਜ਼ਰ ਆਨਲਾਈਨ ਸੇਵਾਵਾਂ ਦਾ ਇਸਤੇਮਾਲ ਸ਼ੁਰੂ ਕਰ ਸਕਦੇ ਹਨ।

Posted By: Amita Verma