ਨਿਊਯਾਰਕ ਟਾਈਮਜ਼, ਸਾਨ ਫਰਾਂਸਿਸਕੋ : ਕੁਝ ਸਾਲ ਪਹਿਲੇ ਦੁਨੀਆ ਵਿਚ ਦਸਤਕ ਦੇਣ ਵਾਲੇ ਆਵਾਜ਼ ਨਾਲ ਕੰਟਰੋਲ ਡਿਜੀਟਲ ਅਸਿਸਟੈਂਟ ਦੀ ਸਾਡੇ ਘਰਾਂ 'ਚ ਪਕੜ ਵੱਧਦੀ ਜਾ ਰਹੀ ਹੈ। ਸਿਰਫ਼ ਤੁਹਾਡੀ ਆਵਾਜ਼ 'ਤੇ ਇਹ ਅਸਿਸਟੈਂਟ ਟੀਵੀ ਦਾ ਚੈਨਲ ਬਦਲਣ ਤੋਂ ਲੈ ਕੇ ਤੁਹਾਡਾ ਪਸੰਦੀਦਾ ਗਾਣਾ ਤਕ ਚਲਾ ਦਿੰਦੇ ਹਨ। ਲੋੜ ਪੈਣ 'ਤੇ ਫੋਨ ਵੀ ਕਰ ਸਕਦੇ ਹਨ ਪ੍ਰੰਤੂ ਚਿੰਤਾ ਦੀ ਗੱਲ ਇਹ ਹੈ ਕਿ ਜ਼ਿੰਦਗੀ ਨੂੰ ਬੇਹੱਦ ਆਸਾਨ ਬਣਾਉਣ ਵਾਲੇ ਏਲੇਕਸਾ, ਗੂਗਲ ਹੋਮ ਅਤੇ ਸਿਰੀ ਵਰਗੇ ਡਿਜੀਟਲ ਅਸਿਸਟੈਂਟ ਜਾਸੂਸੀ ਦਾ ਜ਼ਰੀਆ ਵੀ ਬਣ ਸਕਦੇ ਹਨ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਇਨ੍ਹਾਂ ਨੂੰ ਲੇਜ਼ਰ ਕਿਰਣਾਂ ਨਾਲ ਹੈਕ ਕੀਤਾ ਜਾ ਸਕਦਾ ਹੈ।

ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਅਤੇ ਜਾਪਾਨ ਦੇ ਖੋਜਕਰਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਐਮਾਜ਼ੋਨ ਦੇ ਏਲੇਕਸਾ, ਐਪਲ ਦੇ ਸਿਰੀ ਅਤੇ ਗੂਗਲ ਹੋਮ ਨੂੰ ਕੰਟਰੋਲ ਕਰਨ ਦਾ ਤਰੀਕਾ ਲੱਭ ਲਿਆ ਹੈ। ਇਨ੍ਹਾਂ ਡਿਜੀਟਲ ਯੰਤਰਾਂ ਨੂੰ ਲੇਜ਼ਰ ਕਿਰਣਾਂ ਰਾਹੀਂ ਸੈਂਕੜੇ ਫੁੱਟ ਦੀ ਦੂਰੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਸ਼ੀਗਨ ਯੂਨੀਵਰਸਿਟੀ ਵਿਚ ਸਥਿਤ 140 ਫੁੱਟ ਉੱਚੇ ਬੇਲ ਟਾਵਰ 'ਤੇ ਚੜ੍ਹ ਕੇ ਕਰੀਬ 230 ਫੁੱਟ ਦੂਰ ਰੱਖੇ ਗਏ ਗੂਗਲ ਹੋਮ ਯੰਤਰ ਨੂੰ ਸਫਲਤਾ ਪੂਰਵਕ ਕੰਟਰੋਲ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਲੇਜ਼ਰ ਕਿਰਣਾਂ ਰਾਹੀਂ 350 ਫੁੱਟ ਤੋਂ ਜ਼ਿਆਦਾ ਦੂਰ ਤੋਂ ਆਵਾਜ਼ ਰਾਹੀਂ ਸੰਚਾਲਿਤ ਡਿਜੀਟਲ ਅਸਿਸਟੈਂਟ ਨੂੰ ਹੈਕ ਕਰ ਸਕਦੇ ਹਨ।

ਇਸ ਤਰ੍ਹਾਂ ਹੋ ਸਕਦਾ ਹੈ ਹੈਕ

ਸੱਤ ਮਹੀਨੇ ਤੋਂ ਅਧਿਐਨ ਕਰਨ ਵਾਲੇ ਖੋਜਕਰਤਾਵਾਂ ਨੇ ਇਹ ਪਤਾ ਲਗਾਇਆ ਕਿ ਯੰਤਰ ਵਿਚ ਲੱਗੇ ਮਾਈਕ੍ਰੋਫੋਨ ਆਵਾਜ਼ ਹੋਣ 'ਤੇ ਪ੍ਰਕਾਸ਼ ਨੂੰ ਲੈ ਕੇ ਪ੍ਰਤੀਕਿਰਿਆ ਦੇ ਸਕਦੇ ਹਨ। ਹਰ ਮਾਈਕ੍ਰੋਫੋਨ ਵਿਚ ਇਕ ਛੋਟੀ ਪਲੇਟ ਲੱਗੀ ਹੁੰਦੀ ਹੈ। ਇਸ ਨੂੰ ਡਾਇਆਫ੍ਰਾਮ ਕਹਿੰਦੇ ਹਨ ਅਤੇ ਆਵਾਜ਼ ਦੇ ਟਕਰਾਉਣ 'ਤੇ ਇਸ ਵਿਚ ਗਤੀਵਿਧੀ ਹੁੰਦੀ ਹੈ। ਲੇਜ਼ਰ ਜਾਂ ਫਲੈਸ਼ ਲਾਈਟ ਦੇ ਮਾਧਿਅਮ ਨਾਲ ਡਾਇਆਫ੍ਰਾਮ ਦੀ ਗਤੀਵਿਧੀ ਨੂੰ ਦੁਹਰਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ ਉਤਪੰਨ ਆਵਾਜ਼ 'ਤੇ ਅਸਿਸਟੈਂਟ ਪ੍ਰਤੀਕਿਰਿਆ ਦੇ ਸਕਦਾ ਹੈ।

ਮਾਈਕ੍ਰੋਫੋਨ ਨੂੰ ਰੀ-ਡਿਜ਼ਾਈਨ ਕਰਨ ਦੀ ਲੋੜ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਜ਼ਿਆਦਾਤਰ ਮਾਈਕ੍ਰੋਫੋਨ ਨੂੰ ਰੀ-ਡਿਜ਼ਾਈਨ ਕਰਨ ਦੀ ਲੋੜ ਹੈ ਕਿਉਂਕਿ ਇਹ ਮਾਈਕ੍ਰੋਫੋਨ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਪਾਏ ਗਏ ਹਨ।

ਪਹਿਲੇ ਵੀ ਪ੍ਰਗਟਾਈ ਗਈ ਚਿੰਤਾ

ਡਿਜੀਟਲ ਅਸਿਸਟੈਂਟ ਵਿਚ ਸੰਨ੍ਹ ਲਗਾਉਣ ਦੀ ਇਹ ਪਹਿਲੀ ਹੈਰਾਨ ਕਰਨ ਵਾਲੀ ਖੋਜ ਨਹੀਂ ਹੈ। ਅਮਰੀਕਾ ਅਤੇ ਚੀਨ ਦੇ ਖੋਜਕਰਤਾ ਪਹਿਲੇ ਹੀ ਇਹ ਪ੍ਰਦਰਸ਼ਿਤ ਕਰ ਚੁੱਕੇ ਹਨ ਕਿ ਉਹ ਅਜਿਹੇ ਗੁਪਤ ਕਮਾਨ ਰਾਹੀਂ ਇਨ੍ਹਾਂ ਨੂੰ ਕੰਟਰੋਲ ਕਰ ਸਕਦੇ ਹਨ ਜਿਨ੍ਹਾਂ ਦੀ ਕੰਨ ਨੂੰ ਭਿਨਕ ਨਹੀਂ ਲੱਗ ਸਕਦੀ।

ਕੰਪਨੀਆਂ ਨੂੰ ਦਿੱਤੀ ਗਈ ਜਾਣਕਾਰੀ

ਖੋਜਕਰਤਾਵਾਂ ਨੇ ਆਪਣੇ ਅਧਿਐਨ ਦੇ ਨਤੀਜੇ ਪ੍ਰਤੀ ਇਨ੍ਹਾਂ ਡਿਜੀਟਲ ਅਸਿਸਟੈਂਟ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੂੰ ਜਾਣੂ ਕਰਾ ਦਿੱਤਾ ਹੈ। ਇਸ 'ਤੇ ਕੰਪਨੀਆਂ ਨੇ ਕਿਹਾ ਕਿ ਉਹ ਇਨ੍ਹਾਂ ਨਤੀਜਿਆਂ ਦਾ ਅਧਿਐਨ ਕਰ ਰਹੀਆਂ ਹਨ। ਐਮਾਜ਼ੋਨ ਦੀ ਇਕ ਔਰਤ ਤਰਜਮਾਨ ਨੇ ਕਿਹਾ ਕਿ ਖੋਜਕਰਤਾਵਾਂ ਦੇ ਇਲਾਵਾ ਕਿਸੇ ਹੋਰ ਨੇ ਇਹ ਨਹੀਂ ਦੱਸਿਆ ਕਿ ਰੋਸ਼ਨੀ ਰਾਹੀਂ ਇਨ੍ਹਾਂ ਨੂੰ ਹੈਕ ਕੀਤਾ ਜਾ ਸਕਦਾ ਹੈ। ਸਾਡੇ ਡਿਜੀਟਲ ਅਸਿਸਟੈਂਟ ਦੇ ਗਾਹਕਾਂ ਕੋਲ ਸੁਰੱਖਿਆ ਦੇ ਹੋਰ ਕਈ ਉਪਾਅ ਵੀ ਹਨ।