ਨਵੀਂ ਦਿੱਲੀ, ਟੈੱਕ ਡੈਸਕ : 5G Launch in India : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਵਿਚ 5G ਨੈੱਟਵਰਕ ਲਾਂਚ ਕਰ ਦਿੱਤਾ ਹੈ। ਦਿੱਲੀ ਦੇ ਪ੍ਰਗਤੀ ਮੈਦਾਨ 'ਚ ਸ਼ਨਿਚਰਵਾਰ ਤੋਂ ਸ਼ੁਰੂ ਹੋਏ ਇੰਡੀਆ ਮੋਬਾਈਲ ਕਾਂਗਰਸ (IMC) 2022 ਦੇ ਪਹਿਲੇ ਦਿਨ ਹੀ 5G ਸੇਵਾ ਸ਼ੁਰੂ ਕੀਤੀ ਗਈ। 5G ਨੂੰ ਲੈ ਕੇ ਦੇਸ਼ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਹੁਣ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ। ਇਸ ਪ੍ਰੋਗਰਾਮ 'ਚ ਪੀਐੱਮ ਮੋਦੀ ਸਾਹਮਣੇ ਦੇਸ਼ ਦੀਆਂ 3 ਨਿੱਜੀ ਕੰਪਨੀਆਂ ਨੇ ਆਪੋ-ਆਪਣੇ 5G ਨੈੱਟਵਰਕ ਦਾ ਪ੍ਰਦਰਸ਼ਨ ਵੀ ਕੀਤਾ।

ਪ੍ਰੋਗਰਾਮ 'ਚ ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਣਵ ਦੇ ਨਾਲ ਰਿਲਾਇੰਸ ਜੀਓ ਦੇ ਮੁਖੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪੁੱਤਰ ਅਕਾਸ਼ ਅੰਬਾਨੀ, ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਤੇ ਵੋਡਾਫੋਨ ਆਇਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਮੌਜੂਦ ਸਨ। ਇਸ ਦੇ ਨਾਲ ਹੀ ਸਾਰੀਆਂ ਟੈਲੀਕਾਮ ਕੰਪਨੀਆਂ ਨੇ 5G ਨੂੰ ਦੇਸ਼ ਵਿਚ ਸ਼ੁਰੂ ਕਰਨ ਦਾ ਵੀ ਆਪਣਾ ਐਲਾਨ ਕਰ ਦਿੱਤਾ ਹੈ।

ਟੈਲੀਕਾਮ ਕੰਪਨੀਆਂ ਨੇ ਕੀਤਾ 5G ਨੈੱਟਵਰਕ ਦਾ ਪ੍ਰਦਰਸ਼ਨ

  • ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਤੇ ਵੋਡਾਫੋਨ-ਆਇਡੀਆ ਨੇ ਅੱਜ IMC 'ਚ 5G ਨੈੱਟਵਰਕ ਦੀ ਲਾਂਚ ਤੋਂ ਬਾਅਦ ਇਨ੍ਹਾਂ ਨਾਲ ਜੁੜੀ ਆਪਣੀ ਸਮਰੱਥਾ ਦਾ ਵੀ ਪ੍ਰਦਰਸ਼ਨ ਕੀਤਾ ਹੈ।
  • ਰਿਲਾਇੰਸ ਜੀਓ ਨੇ ਆਪਣੀ True 5G ਤਕਨੀਕ ਦੀ ਮਦਦ ਤੋਂ ਮੁੰਬਈ 'ਚ ਬੈਠੇ ਸਕੂਲ ਟੀਚਰ ਨੂੰ ਮਹਾਰਾਸ਼ਟਰ, ਗੁਜਰਾਤ ਤੇ ਓਡੀਸ਼ਾ ਦੇ ਤਿੰਨ ਅਲੱਗ-ਅਲੱਗ ਥਾਵਾਂ ਨਾਲ ਜੋੜ ਕੇ ਦਿਖਾਇਆ। ਇਸ ਦੇ ਨਾਲ ਹੀ Jio ਨੇ ਔਗਮੇਂਟਿਡ ਰਿਐਲਿਟੀ (AR) ਤੇ ਸਿੱਖਿਆ ਦੇ ਖੇਤਰ 'ਚ ਬਣਿਆ AR ਡਿਵਾਈਸ ਨੂੰ ਵੀ ਦਿਖਾਇਆ।
  • ਏਅਰਟੈੱਲ ਨੇ ਵੀ ਆਪਣੇ 5ਜੀ ਨੈੱਟਵਰਕ ਦੀ ਵਰਤੋਂ ਕਰ ਕੇ ਦਿਖਾਇਆ ਕਿ ਉੱਤਰ ਪ੍ਰਦੇਸ਼ ਦੀ ਇਕ ਲੜਕੀ ਨੇ ਹੋਲੋਗ੍ਰਾਮ ਟੈਕਨਾਲੋਜੀ ਦੀ ਮਦਦ ਨਾਲ ਸੌਰ ਮੰਡਲ ਨੂੰ ਸਮਝਿਆ।
  • ਵੋਡਾਫੋਨ-ਆਇਡੀਆ ਨੇ ਆਪਣੇ 5ਜੀ ਨੈੱਟਵਰਕ 'ਤੇ ਦਿਖਾਇਆ ਕਿ ਦਿੱਲੀ ਮੈਟਰੋ ਜ਼ਮੀਦੋਜ਼ ਟਨਲ 'ਚ ਕੰਮ ਕਰ ਰਹੇ ਲੋਕਾਂ ਦੀ ਸੁਰੱਖਿਆ ਦੇ ਖੇਤਰ 'ਚ ਨਵੀਂ ਟੈਕਨਾਲੋਜੀ ਕਿਵੇਂ ਇਸਤੇਮਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ 'ਚ ਕੰਪਨੀ ਨੇ ਇਹ ਵੀ ਦਿਖਾਇਆ ਕਿ ਕਿਵੇਂ VR ਤੇ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਤਕਨੀਕ ਦੀ ਮਦਦ ਨਾਲ ਇਨ੍ਹਾਂ ਮਜ਼ਦੂਰਾਂ ਨੂੰ ਰਿਅਲ-ਟਾਈਮ 'ਚ ਮੌਨੀਟਰ ਕੀਤਾ ਜਾ ਸਕਦਾ ਹੈ।

ਕਿਹੜੀ ਕੰਪਨੀ ਸ਼ੁਰੂ ਕਰੇਗੀ 5G

Airtel : ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਦੱਸਿਆ ਕਿ Airtel ਅੱਜ 1 ਅਕਤੂਬਰ ਤੋਂ ਹੀ ਦੇਸ਼ ਦੇ 8 ਸ਼ਹਿਰਾਂ 'ਚ 5G ਸੇਵਾਵਾਂ ਸ਼ੁਰੂ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ 2024 ਤਕ 5G ਨੈੱਟਵਰਕ ਪੂਰੇ ਦੇਸ਼ ਵਿਚ ਮਿਲਣ ਲੱਗੇਗਾ।

Jio : ਜਿਓ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਦੀਵਾਲੀ ਨਾਲ ਦੇਸ਼ ਦੇ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਵਰਗੇ ਮੈਟਰੋ ਸ਼ਹਿਰਾਂ 'ਚ 5G ਸੇਵਾ ਸ਼ੁਰੂ ਹੋ ਜਾਵੇਗੀ। ਰਿਲਾਇੰਸ ਜੀਓ ਦੇ ਮੁਖੀ ਮੁਕੇਸ਼ ਅੰਬਾਨੀ ਨੇ ਅੱਜ ਇਹ ਵੀ ਦੱਸਿਆ ਹੈ ਕਿ Jio ਦਾ 5G ਨੈੱਟਵਰਕ ਵੀ ਦਸੰਬਰ 2023 ਤਕ ਪੂਰੇ ਦੇਸ਼ ਵਿਚ ਪਹੁੰਚ ਜਾਵੇਗਾ।

VI : ਵੋਡਾਫੋਨ ਆਇਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦਾ ਕਹਿਣਾ ਹੈ ਕਿ ਕੰਪਨੀ ਬਹੁਤ ਜਲਦ ਆਪਣੀ 5G ਸੇਵਾ ਦੇਸ਼ ਵਿਚ ਸ਼ੁਰੂ ਕਰੇਗੀ।

Posted By: Seema Anand