ਨਵੀਂ ਦਿੱਲੀ (ਏਜੰਸੀ) : ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਨੇ ਪੇਗਾਸਸ ਜਾਸੂਸੀ ਮਾਮਲੇ 'ਤੇ ਅਫ਼ਸੋਸ ਪ੍ਰਗਟਾਇਆ ਹੈ। ਕੰਪਨੀ ਨੇ ਸਰਕਾਰ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਉਹ ਸਾਰੇ ਉਪਾਅ ਕਰ ਰਹੀ ਹੈ। ਉੱਥੇ ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਇਕ ਐੱਮਪੀ ਚਾਰ ਫਾਈਲਾਂ ਭੇਜ ਕੇ ਵ੍ਹਟਸਐਪ ਨੂੰ ਹੈਕ ਕੀਤਾ ਜਾ ਸਕਦਾ ਹੈ। ਇਸ 'ਤੇ ਕੰਪਨੀ ਨੇ ਕਿਹਾ ਕਿ ਨਵੇਂ ਖਤਰੇ ਨਾਲ ਕੋਈ ਯੂਜ਼ਰ ਪ੍ਰਭਾਵਿਤ ਨਹੀਂ ਹੋਇਆ।

ਸਰਕਾਰੀ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਵ੍ਹਟਸਐਪ ਨੇ ਸਰਕਾਰ ਨੂੰ ਪੱਤਰ ਲਿਖ ਕੇ ਜਾਸੂਸੀ ਮਾਮਲੇ 'ਤੇ ਅਫ਼ਸੋਸ ਪ੍ਰਗਟਾਇਆ ਹੈ।

ਸਰਕਾਰ ਨੇ ਵ੍ਹਟਸਐਪ ਨੂੰ ਆਪਣਾ ਸੁਰੱਖਿਆ ਤੰਤਰ ਮਜ਼ਬੂਤ ਕਰਨ ਲਈ ਕਿਹਾ ਹੈ। ਸਰਕਾਰ ਵਲੋਂ ਕੰਪਨੀ ਨੂੰ ਸਾਫ਼ ਤੌਰ 'ਤੇ ਦੱਸ ਦਿੱਤਾ ਗਿਆ ਹੈ ਕਿ ਸੁਰੱਖਿਆ ਨੂੰ ਲੈ ਕੇ ਅੱਗੇ ਹੁਣ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਸਾਈਬਰ ਸੁਰੱਖਿਆ 'ਤੇ ਉਹ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ।

ਇਸ ਦੌਰਾਨ ਵ੍ਹਟਸਐਪ ਅਕਾਊਂਟ 'ਤੇ ਨਵੇਂ ਖਤਰੇ ਨੂੰ ਲੈ ਕੇ ਜਾਰੀ ਆਪਣੀ ਐਡਵਾਇਜ਼ਰੀ 'ਚ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ-ਇੰਡੀਆ (ਸੀਆਰਟੀ-ਇਨ) ਨੇ ਇਸਨੂੰ ਗੰਭੀਰ ਕਰਾਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਐੱਮਪੀ 4 ਫਾਈਲ ਭੇਜ ਕੇ ਵ੍ਹਟਸਐਪ ਅਕਾਊਂਟ ਹੈਕ ਕਰਨ ਦਾ ਖਤਰਾ ਵੱਧ ਰਿਹਾ ਹੈ।

ਇਹ ਐਡਵਾਇਜ਼ਰੀ ਅਜਿਹੇ ਸਮੇਂ 'ਤੇ ਜਾਰੀ ਕੀਤੀ ਗਈ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਵ੍ਹਟਸਐਪ ਨੇ ਸਰਕਾਰ ਨੂੰ ਕਿਹਾ ਸੀ ਕਿ ਇਜ਼ਰਾਇਲੀ ਐੱਨਐੱਸਓ ਗਰੁੱਪ ਦੇ ਸਪਾਈਵੇਅਰ ਪੇਗਾਸਸ ਸਾਫਟਵੇਅਰ ਵਲੋਂ ਦੁਨੀਆ ਭਰ 'ਚ 1400 ਲੋਕਾਂ ਦੇ ਵ੍ਹਟਸਐਪ ਅਕਾਊਂਟ ਹੈਕ ਕੀਤੇ ਗਏ ਸਨ। ਇਨ੍ਹਾਂ 'ਚ ਕੁਝ ਭਾਰਤੀ ਪੱਤਰਕਾਰ ਤੇ ਮਨੁੱਖੀ ਅਧਿਕਾਰ ਵਰਕਰ ਵੀ ਸਨ।