ਜੇਐੱਨਐੱਨ, ਨਵੀਂ ਦਿੱਲੀ : WhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਚੁਫੇਰਿਓਂ ਦਬਾਅ ਝੱਲਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਵੀ WhatsApp ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ WhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। WhatsApp ਦੀ ਪ੍ਰਾਈਵੇਸੀ ਪਾਲਿਸੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰੀ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਮੈਸੇਜਿੰਗ ਪਲੇਟਫਾਰਮ WhatsApp ਨੂੰ ਇਸ ਨੂੰ ਵਾਪਸ ਲੈਣ ਲਈ ਕਿਹਾ ਹੈ। ਮੰਤਰਾਲੇ ਨੇ WhatsApp ਦੇ ਸੀਈਓ ਵਿਲ ਕੈਥਾਰਟ ਨੂੰ ਲਿਖੇ ਪੱਤਰ 'ਚ ਬਦਲਾਅ ਨੂੰ ਵਾਪਸ ਲੈਣ 'ਤੇ ਜ਼ੋਰ ਦਿੱਤਾ ਹੈ। ਮੰਤਰਾਲੇ ਮੁਤਾਬਿਕ WhatsApp ਦੀ ਨਵੀਂ ਪਾਲਿਸੀ ਲੋਕਾਂ ਨੂੰ ਪਾਲਿਸੀ ਐਕਸੈਪਟ ਕਰਨ ਲਈ ਮਜਬੂਰ ਕਰਦੀ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਗ਼ਲਤ ਹੈ।

ਸਰਕਾਰ ਦੀ ਸਖ਼ਤੀ 'ਤੇ WhatsApp ਦਾ ਆਇਆ ਜਵਾਬ

ਸਰਕਾਰ ਦੀ ਸਖ਼ਤੀ 'ਤੇ WhatsApp ਨੇ ਜਵਾਬ ਦਿੱਤਾ ਹੈ ਕਿ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ 'ਚ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਕਾਫੀ ਭਰਮ ਪੈਦਾ ਹੋ ਗਿਆ ਹੈ। WhatsApp ਮੁਤਾਬਿਕ ਕੰਪਨੀ ਭਰਮਾਊ ਜਾਣਕਾਰੀ ਦੂਰ ਕਰਨ ਲਈ ਕੰਮ ਕਰ ਰਹੀ ਹੈ ਤੇ ਕੰਪਨੀ ਹਰ ਤਰ੍ਹਾਂ ਦੇ ਜਵਾਬ ਦੇਣ ਨੂੰ ਤਿਆਰ ਹੈ। WhatsApp ਬੁਲਾਰੇ ਨੇ ਕਿਹਾ ਕਿ ਅਸੀਂ ਫੇਸਬੁੱਕ ਦੇ ਨਾਲ ਡਾਟਾ ਸਾਂਝਾ ਨਹੀਂ ਕਰਦੇ ਹਾਂ। ਅਸੀਂ ਪੂਰੀ ਤਰ੍ਹਾਂ ਨਾਲ ਟਰਾਂਸਪੇਰੈਂਸੀ ਨੂੰ ਬਰਕਰਾਰ ਰੱਖਦੇ ਹਾਂ। WhatsApp ਪਰਸਨਲ ਮੈਸੇਜ ਨੂੰ ਐਂਡ ਟੂ ਐਂਡ ਇਨਕ੍ਰਿਪਸ਼ਨ ਜ਼ਰੀਏ ਸੁਰੱਖਿਅਤ ਰੱਖਦਾ ਹੈ। WhatsApp ਨੇ ਸਾਫ਼ ਕੀਤਾ ਹੈ ਕਿ ਯੂਜ਼ਰਜ਼ ਦੀਆਂ ਸਾਰੀਆਂ ਪ੍ਰਾਈਵੇਟ ਚੈਟ ਇਨਕ੍ਰਿਪਟਿਡ ਤੇ ਸਿਕਿਓਰ ਹਨ।

8 ਫਰਵਰੀ ਤਕ ਦੇਣੀ ਸੀ WhatsApp ਨੂੰ ਮਨਜ਼ੂਰੀ

WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ 8 ਫਰਵਰੀ 2021 ਤੋਂ ਭਾਰਤ 'ਚ ਲਾਗੂ ਹੋਣ ਵਾਲੀ ਸੀ ਪਰ ਯੂਜ਼ਰਜ਼ ਪ੍ਰਾਈਵੇਸੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨੇ ਲਈ ਟਾਲ ਦਿੱਤਾ ਗਿਆ ਹੈ। ਇਸ ਪਾਲਿਸੀ 'ਚ WhatsApp ਯੂਜ਼ਰਜ਼ ਲਈ 8 ਫਰਵਰੀ ਤੋਂ ਪਹਿਲਾਂ ਨਵੀਂ ਪਾਲਿਸੀ ਨੂੰ ਸਵੀਕਾਰ ਕਰਨਾ ਲਾਜਮ਼ੀ ਸੀ। ਅਜਿਹਾ ਨਾ ਕਰਨ ਵਾਲੇ ਯੂਜ਼ਰਜ਼ ਦੇ ਅਕਾਊਂਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਯੂਜ਼ਰਜ਼ ਦੇ ਵਿਰੋਧ ਕਾਰਨ ਕੇਂਦਰ ਸਰਕਾਰ ਨੂੰ ਮਾਮਲੇ 'ਚ ਦਖ਼ਲ ਦੇਣਾ ਪਿਆ ਹੈ।

Posted By: Seema Anand