WhatsApp ਅੱਜ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਪਰ ਇਸ ਨਾਲ ਜੁੜੇ ਖ਼ਤਰੇ ਵੀ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ WhatsApp ਦੇ ਰੰਗ ਨੂੰ ਬਦਲਣ ਸਬੰਧੀ ਹੈ। WhatsApp ਦਾ ਰੰਗ ਪਿੰਕ ਕਰਨ ਵਾਲਾ ਇਕ ਲਿੰਕ ਸੋਸ਼ਲ ਮੀਡੀਆ ਰਾਹੀਂ ਭੇਜਿਆ ਜਾ ਰਿਹਾ ਹੈ। ਅਸਲ ਵਿਚ ਇਹ ਇਕ ਵਾਇਰਸ ਹੈ ਜਿਸ ਦੇ ਲਿੰਕ 'ਤੇ ਕਲਿੱਕ ਕਰਦਿਆਂ ਹੀ ਮੋਬਾਈਲ ਹੈਕ ਹੋ ਜਾਂਦਾ ਹੈ ਤੇ ਧੋਖੇਬਾਜ਼ਾਂ ਦੇ ਹੱਥ ਮੋਬਾਈਲ 'ਚ ਦਰਜ ਪੂਰੀ ਜਾਣਕਾਰੀ ਲੱਗ ਜਾਂਦੀ ਹੈ। ਸਾਈਬਰ ਮਾਹਿਰਾਂ ਨੇ ਲਿੰਕ ਜ਼ਰੀਏ ਫੋਨ 'ਤੇ ਭੇਜੇ ਜਾ ਰਹੇ ਵਾਇਰਸ ਸਬੰਧੀ ਅਗਾਹ ਕੀਤਾ ਹੈ। ਇਸ ਲਿੰਕ 'ਚ ਦਾਅਵਾ ਕੀਤਾ ਜਾਂਦਾ ਹੈ ਕਿ WhatsApp ਗੁਲਾਬੀ ਰੰਗ ਦਾ ਹੋ ਜਾਵੇਗਾ ਤੇ ਉਸ ਵਿਚ ਨਵੀਆਂ ਵਿਸ਼ੇਸ਼ਤਾਵਾਂ ਜੁੜ ਜਾਣਗੀਆਂ।

ਦੱਸਿਆ ਜਾ ਰਿਹਾ WhatsApp ਦਾ ਅਧਿਕਾਰਤ ਅਪਡੇਟ ਲਿੰਕ

ਸਾਈਬਰ ਸੁਰੱਖਿਆ ਮਾਹਿਰ ਰਾਜਸ਼ੇਖਰ ਰਾਜਹਰੀਆ ਮੁਤਾਬਿਕ, ਲਿੰਕ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ WhatsApp ਦੀ ਤਰ੍ਹਾਂ ਅਧਿਕਾਰਤ ਅਪਡੇਟ ਲਈ ਹੈ, ਪਰ ਲਿੰਕ 'ਤੇ ਕਲਿੱਕ ਕਰਦਿਆਂ ਹੀ ਸਬੰਧਤ ਵਰਤੋਂਕਾਰ ਦਾ ਫੋਨ ਹੈਕ ਹੋ ਜਾਵੇਗਾ ਤੇ ਹੋ ਸਕਦਾ ਹੈ ਕਿ ਉਹ WhatsApp ਦੀ ਵਰਤੋਂ ਨਾ ਕਰ ਸਕੇ। ਰਾਜੇਸ਼ੇਖਰ ਰਾਜਹਰੀਆ ਅਨੁਸਾਰ, WhatsApp ਪਿੰਕ ਬਾਰੇ ਸਾਵਧਾਨ! ਏਪੀਕੇ ਡਾਊਨਲੋਡ ਲਿੰਕ ਦੇ ਨਾਲ WhatsApp ਗਰੁੱਪ ਵਾਇਰਸ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। WhatsApp ਪਿੰਕ ਦੇ ਨਾਂ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ। ਲਿੰਕ ਨੂੰ ਕਲਿੱਕ ਕਰਨ 'ਤੇ ਫੋਨ ਦੀ ਵਰਤੋਂ ਮੁਸ਼ਕਲ ਹੋ ਜਾਵੇਗੀ। ਸਾਈਬਰ ਸੁਰੱਖਿਆ ਨਾਲ ਜੁੜੀ ਕੰਪਨੀ ਵੋਇਆਗੇਰ ਇਨਫੋਸੈਕ ਦੇ ਡਾਇਰੈਕਟਰ ਜਿਤੇਨ ਜੈਨ ਨੇ ਕਿਹਾ ਕਿ ਵਰਤੋਂਕਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਗੂਗਲ ਜਾਂ ਐੱਪਲ ਦੇ ਅਧਿਕਾਰਤ ਐਪ ਸਟੋਰ ਤੋਂ ਇਲਾਵਾ ਏਪੀਕੇ ਜਾਂ ਹੋਰ ਮੋਬਾਈਲ ਐਪਸ ਨੂੰ ਇੰਸਟਾਲ ਨਾ ਕਰਨ।

ਇਸ ਬਾਰੇ WhatsApp ਦੀ ਸਫ਼ਾਈ ਵੀ ਆ ਗਈ ਹੈ। WhatsApp ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਸ਼ੱਕੀ ਮੈਸੇਜ ਜਾਂ ਈ-ਮੇਲ ਸਮੇਤ ਕੋਈ ਸੰਦੇਸ਼ ਆਉਂਦੇ ਹਨ, ਉਸ ਦਾ ਜਵਾਬ ਦੇਣ ਤੋਂ ਪਹਿਲਾਂ ਪੂਰੀ ਜਾਂਚ ਕਰ ਲਓ ਤੇ ਚੌਕਸ ਰਹੋ। WhatsApp 'ਤੇ ਲੋਕਾਂ ਨੂੰ ਸੁਝਾਅ ਦਿੰਦੇ ਹਾਂ ਕਿ ਅਸੀਂ ਜੋ ਸਹੂਲਤਾਂ ਦਿੱਤੀਆਂ ਹਨ, ਉਸ ਦੀ ਵਰਤੋਂ ਕਰੋ ਤੇ ਸਾਨੂੰ ਰਿਪੋਰਟ ਭੇਜੋ, ਸੰਪਰਕ ਬਾਰੇ ਜਾਣਕਾਰੀ ਦਿਉ ਜਾਂ ਉਸ ਨੂੰ ਬਲਾਕ ਕਰੋ।

Posted By: Seema Anand