ਟੈਕ ਡੈਸਕ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਵਟ੍ਹਸਐਪ ਨੇ ਆਪਣੇ ਯੂਜ਼ਰਜ਼ ਦੀ ਸਹੂਲਤ ਲਈ ਇਕ ਬੇਹੱਦ ਹੀ ਖਾਸ ਅਤੇ ਨਵਾਂ ਫੀਚਰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਨੂੰ ਕਿਊਆਰ ਕੋਡ ਨਾਂ ਦਿੱਤਾ ਗਿਆ ਹੈ ਅਤੇ ਇਸ ਦੀ ਮਦਦ ਨਾਲ ਕੰਟੈਕਟ ਸੇਵ ਕਰਨਾ ਬੇਹੱਦ ਆਸਾਨ ਹੋ ਜਾਵੇਗਾ। ਇਹ ਫੀਚਰ ਕਾਫੀ ਹੱਦ ਤਕ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦੇ ਨੇਮਟੈਗ ਫੀਚਰ ਨਾਲ ਕਾਫੀ ਹੱਦ ਤਕ ਮਿਲਦਾ ਜੁਲਦਾ ਹੈ। ਫਿਲਹਾਲ ਇਸ ਫੀਚਰ ਨੂੰ ਆਈਓਐਸ ਪਲੇਟਫਾਰਮ ਲਈ ਪੇਸ਼ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਕੰਪਨੀ ਜਲਦ ਹੀ ਇਸ ਨੂੰ ਐਂਡਰਾਇਡ ਵਰਜਨ 'ਤੇ ਵੀ ਮੁਹੱਈਆ ਕਰਾਏਗੀ।

ਵੈਸੇ ਕੰਪਨੀ ਨੇ ਕਿਊਆਰ ਕੋਡ ਨਾਂ ਦੇ ਫੀਚਰ ਨੂੰ ਲੈ ਕੇ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ ਪਰ WABetaInfo ਦੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਵਟ੍ਹਸਐਪ ਨੇ ਆਪਣੇ ਆਈਓਐਸ ਯੂਜ਼ਰਜ਼ ਲਈ ਇਸ ਫੀਚਰ ਦਾ ਬੀਟਾ ਵਰਜਨ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਸਟੇਬਲ ਵਰਜਨ ਵੀ ਰਿਲੀਜ਼ ਕੀਤਾ ਜਾਵੇਗਾ। ਨਾਲ ਹੀ ਇਹ ਵੀ ਦੱਸਿਆ ਕਿ ਐਂਡ੍ਰਾਇਡ ਯੂਜ਼ਰਜ਼ ਲਈ ਵੀ ਇਸ ਫੀਚਰ ਨੂੰ ਜਲਦ ਪੇਸ਼ ਕੀਤਾ ਜਾਵੇਗਾ।

ਕਿਊਆਰ ਫੀਚਰ ਕਿੰਝ ਕਰੇਗਾ ਕੰਮ

WABetaInfo ਦੀ ਰਿਪੋਰਟ ਵਿਚ ਕਿਊਆਰ ਕੋਡ ਫੀਚਰ ਨਾਲ ਜੁੜੇ ਸਕਰੀਨਸ਼ਾਰਟ ਸ਼ੇਅਰ ਕੀਤੇ ਗਏ ਹਨ। ਇਸ ਵਿਚ ਦੇਖ ਸਕਦੇ ਹਾਂ ਕਿ ਇਹ ਫੀਚਰ ਦਿਖਣ ਵਿਚ ਕਿਵੇਂ ਦਾ ਹੈ? ਵਟ੍ਹਸਐਪ ਯੂਜ਼ਰ ਦੇ ਪ੍ਰੋਫਾਈਲ ਨਾਂ ਦੇ ਨਾਲ ਇਹ ਨਜ਼ਰ ਆਏਗਾ। ਇਸ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਇਸ ਆਈਕਨ 'ਤੇ ਟੈਪ ਕਰਨਾ ਹੋਵੇਗਾ, ਟੈਪ ਕਰਦੇ ਹੀ ਕਿਊਆਰ ਕੋਡ ਓਪਨ ਹੋ ਜਾਵੇਗਾ। ਕਿਊਆਰ ਕੋਡ ਨੂੰ ਸਕੈਨ ਕਰਦੇ ਹੀ ਕੰਟੈਕਟ ਵਿਚ ਸੇਵ ਹੋ ਜਾਵੇਗਾ। ਜੇ ਤੁਹਾਡੇ ਤੋਂ ਗਲਤੀ ਨਾਲ ਗਲਤ ਨੰਬਰ 'ਤੇ ਕਿਊਆਰ ਕੋਡ ਸ਼ੇਅਰ ਕੀਤਾ ਗਿਆ ਤਾਂ ਤੁਸੀਂ ਉਸ ਨੂੰ ਵਾਪਸ ਵੀ ਲੈ ਸਕਦੇ ਹੋ। ਇਸ ਲਈ ਸਿਰਫ਼ ਰਿਸੈਟ ਵਿਚ ਜਾ ਕੇ ਆਪਣਾ ਕਿਊਆਰ ਕੋਡ ਰਿਸੈਟ ਕਰ ਦਿਓ।

ਵੈਸੇ ਦੱਸ ਦੇਈਏ ਕਿ ਕਿਊਆਰ ਕੋਡ ਫੀਚਰ ਵਟ੍ਹਸਐਪ ਵਿਚ ਅਜੇ ਵੀ ਮੌਜੂਦ ਹੈ ਪਰ ਇਸ ਦਾ ਉਪਯੋਗ ਫੋਨ ਤੋਂ ਡੈਸਕਟਾਪ ਜਾਂ ਲੈਪਟਾਪ 'ਤੇ ਵਟ੍ਹਸਐਪ ਜੋੜਨ ਲਈ ਕੀਤਾ ਜਾਂਦਾ ਹੈ।

Posted By: Rajnish Kaur