ਜੇਐੱਨਐੱਨ, ਨਵੀਂ ਦਿੱਲੀ : ਸੋਸ਼ਲ ਮੀਡੀਆ ਦੇ ਦੌਰ 'ਚ ਫੇਕ ਨਿਊਜ਼ ਫੈਲਣ 'ਚ ਸਕਿੰਟਾਂ ਦਾ ਟਾਈਮ ਲਗਦਾ ਹੈ। ਇੰਟਰਨੈੱਟ ਤੇ ਸੋਸ਼ਲ ਮੀਡੀਆ ਪਲੈਟਫਾਰਮ ਸਾਡੇ ਲਈ ਜਿੰਨੇ ਲਾਭਦਾਇਕ ਹਨ, ਓਨੇ ਹੀ ਖ਼ਤਰਨਾਕ ਵੀ ਹਨ। ਅਸੀਂ ਸੋਸ਼ਲ ਮੀਡੀਆ ਜ਼ਰੀਏ ਕੁਝ ਸਕਿੰਟਾਂ 'ਚ ਕਈ ਲੋਕਾਂ ਨਾਲ ਜੁੜ ਸਕਦੇ ਹਾਂ ਤਾਂ ਓਨੀ ਹੀ ਦੇਰ 'ਚ ਸਾਡੀਆਂ ਨਿੱਜੀ ਜਾਣਕਾਰੀਆਂ ਲੀਕ ਵੀ ਹੋ ਸਕਦੀਆਂ ਹਨ। ਇਹੀ ਨਹੀਂ WhatsApp ਤੇ Facebook ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਕੁਝ ਸ਼ਰਾਰਤੀ ਕਿਸਮ ਦੇ ਲੋਕ ਫੇਕ ਨਿਊਜ਼ ਫੈਲਾਉਣ ਦਾ ਜ਼ਰੀਆ ਬਣਾ ਰਹੇ ਹਨ। ਇਨ੍ਹਾਂ ਠੱਗਾਂ ਤੇ ਫੇਕ ਨਿਊਜ਼ ਫੈਲਾਉਣ ਵਾਲੇ ਲੋਕਾਂ ਨੇ ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਜ਼ ਜ਼ਰੀਏ ਪਿਛਲੇ ਕੁਝ ਸਾਲਾਂ 'ਚ ਕਈ ਲੋਕਾਂ ਨੂੰ ਲੱਖਾਂ ਦਾ ਚੂਨਾ ਲਗਾਇਆ ਹੈ। ਅਜਿਹਾ ਹੀ ਇਕ ਹੋਰ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿਚ WhatsApp ਮੈਸੇਜ ਜ਼ਰੀਏ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਮੀਡੀਆ ਰਿਪੋਰਟਸ ਮੁਤਾਬਿਕ, ਕੁਝ ਯੂਜ਼ਰਜ਼ ਨੂੰ ਹਰਮਨਪਿਆਰੀ ਸ਼ੂ ਮੇਕਿੰਗ ਕੰਪਨੀ Adidas ਦੇ ਮੁਫ਼ਤ ਜੁੱਤੇ ਦੇਣ ਦਾ ਦਾਅਵਾ ਕਰਨ ਵਾਲੇ ਸਪੈਮ ਮੈਸੇਜ ਮਿਲੇ ਹਨ। ਇਨ੍ਹਾਂ ਮੈਸੇਜਿਜ਼ ਜ਼ਰੀਏ ਇਕ ਲਿੰਕ ਭੇਜਿਆ ਜਾ ਰਿਹਾ ਹੈ ਜਿਹੜੇ ਇਕ ਮੈਲੇਸ਼ਿਅਸ ਯਾਨੀ ਕੀ ਖ਼ਤਰਨਾਕ ਲਿੰਕ ਹੁੰਦਾ ਹੈ। ਜਿਉਂ ਹੀ ਯੂਜ਼ਰਜ਼ ਇਸ 'ਤੇ ਕਲਿੱਕ ਕਰ ਰਹੇ ਹਨ, ਉਨ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਜਿਵੇਂ ਕਿ ਬੈਂਕ ਡਿਟੇਲਜ਼ ਆਦਿ ਠੱਗਾਂ ਕੋਲ ਪਹੁੰਚ ਸਕਦੀ ਹੈ। ਇਸ ਤੋਂ ਬਾਅਦ ਯੂਜ਼ਰਜ਼ ਦੇ ਅਕਾਊਂਟ ਹੈਕ ਹੋਣ ਦੇ ਖ਼ਤਰੇ ਦੇ ਨਾਲ-ਨਾਲ ਬੈਂਕ 'ਚ ਜਮ੍ਹਾਂ ਪੂੰਜੀ ਵੀ ਨਿਕਲਣ ਦੀ ਸੰਭਾਵਨਾ ਹੈ। ਅੱਜਕਲ੍ਹ ਜ਼ਿਆਦਾਤਰ ਯੂਜ਼ਰਜ਼ ਦਾ ਬੈਂਕ ਅਕਾਊਂਟ ਉਨ੍ਹਾਂ ਦੇ ਮੋਬਾਈਲ ਨੰਬਰ ਨਾਲ ਲਿੰਕ ਹੁੰਦਾ ਹੈ, ਅਜਿਹੇ ਵਿਚ ਇਹ ਸੰਭਾਵਨਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ।

ਜੇਕਰ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੇ ਭਰਮਾਊ ਮੈਸੇਜ ਆ ਰਹੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਡਿਲੀਟ ਕਰ ਦਿਉ ਅਤੇ ਕਿਸੇ ਨੂੰ ਫਾਰਵਰਡ ਨਾ ਕਰੋ। ਇਸ ਤਰ੍ਹਾਂ ਦੇ ਫਰਜ਼ੀ ਮੈਸਿਜਜ਼ ਕਾਰਨ ਕਈ ਯੂਜ਼ਰਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ।

Posted By: Seema Anand