ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp ਦੇ ਹੁਣ 2 ਅਰਬ ਗਲੋਬਲ ਯੂਜ਼ਰਜ਼ ਹੋ ਗਏ ਹਨ। ਸੋਸ਼ਲ ਨੈੱਟਵਰਕਿੰਗ ਸਾਈਟ Facebook ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਦੇ 2017 ਤਕ 1.5 ਅਰਬ ਯੂਜ਼ਰਜ਼ ਸਨ, ਜੋ 2 ਸਾਲ ਦੇ ਅੰਦਰ 2 ਅਰਬ ਤਕ ਪਹੁੰਚ ਗਈ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 2009 'ਚ ਸਥਾਪਤ ਹੋਏ ਇੰਸਟੈਂਟ ਮੈਸੇਜਿੰਗ ਐਪ ਨੂੰ 2014 'ਚ Facebook ਨੇ ਟੇਕਓਵਰ ਕਰ ਲਿਆ ਸੀ। ਇਨ੍ਹਾਂ ਦੋ ਸਾਲਾਂ ਦੇ ਅੰਦਰ ਹੀ ਇਸ ਮੈਸੇਜਿੰਗ ਐਪ ਦੇ 50 ਕਰੋੜ ਯੂਜ਼ਰਜ਼ ਜੁੜੇ ਹਨ। ਇਸ ਐਪ ਨੂੰ ਭਾਰਤ ਦੇ ਇਲਾਵਾ ਦੁਨੀਆ ਭਰ ਦੇ ਹੋਰਨਾਂ ਦੇਸ਼ਾਂ 'ਚ ਵੱਡੇ ਤੌਰ 'ਤੇ ਤਸਵੀਰਾਂ, ਵੀਡੀਓ, ਫਾਈਲਜ਼ ਸ਼ੇਅਰ ਕਰਨ ਤੋਂ ਲੈ ਕੇ ਆਡੀਓ-ਵੀਡੀਓ ਕਾਲਿੰਗ ਤੇ ਟੈਕਸਟ ਮੈਸੇਜਿੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ।

WhatsApp ਪਿਛਲੇ ਇਕ ਦਹਾਕੇ ਤੋਂ ਯੂਜ਼ਰਜ਼ ਲਈ ਸਭ ਤੋਂ ਪਸੰਦੀਦਾ ਇੰਸਟੈਂਟ ਮੈਸੇਜਿੰਗ ਐਪ ਬਣਿਆ ਹੋਇਆ ਹੈ। ਕੰਪਨੀ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹੁਣ ਇਸ ਦੇ 2 ਬਿਲੀਅਨ ਗਲੋਬਲ ਯੂਜ਼ਰਜ਼ ਹੋ ਗਏ ਹਨ। ਕੰਪਨੀ ਨੇ ਅਧਿਕਾਰਿਤ ਟਵਿੱਟਰ ਹੈਂਡਲ ਨਾਲ ਪੋਸਟ ਕਰਦੇ ਹੋਏ ਲਿਖਿਆ ਕਿ ਜਿਵੇਂ ਅਸੀਂ ਸ਼ੁਰੂ ਕੀਤਾ ਸੀ, ਦੁਨੀਆ ਨੂੰ ਨਿੱਜੀ ਤੌਰ 'ਤੇ ਜੋੜਨ 'ਚ ਮਦਦ ਕਰਨਾ ਤੇ ਦੁਨੀਆ ਭਰ 'ਚ ਦੋ ਬਿਲੀਅਨ ਉਪਭੋਗਤਾਵਾਂ ਦੇ ਨਿੱਜੀ ਸੰਚਾਰ ਦੀ ਰੱਖਿਆ ਲਈ ਬਰਾਬਰ ਵਚਨਬੱਧ ਹੈ।

WhatsApp ਨੇ ਟਵਿੱਟਰ ਜ਼ਰੀਏ ਦੱਸਿਆ ਕਿ ਕਿਸ ਤਰ੍ਹਾਂ ਇਸ ਇੰਸਟੈਂਟ ਮੈਸੇਜਿੰਗ ਐਪ ਦੇ ਐਂਡ-ਟੂ-ਐਂਡ ਅਨਕ੍ਰਿਪਸ਼ਨ ਫ਼ੀਚਰ ਜ਼ਰੀਏ ਯੂਜ਼ਰਜ਼ ਦੀ ਚੈਟਿੰਗ ਨੂੰ ਨਿੱਜੀ ਰੱਖਿਆ ਜਾਂਦਾ ਹੈ। ਇਸ ਫ਼ੀਚਰ ਜ਼ਰੀਏ WhatsApp 'ਤੇ ਕੀਤੀ ਗਈ ਕਿਸੇ ਵੀ ਕਮਿਊਨੀਕੇਸ਼ਨ ਨੂੰ ਲੀਕ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਪਿਛਲੇ ਸਾਲ ਦੁਨੀਆ ਭਰ ਦੇ 1,400 ਤੋਂ ਜ਼ਿਆਦਾ ਲੋਕਾਂ ਦਾ WhatsApp ਡਾਟਾ ਲੀਕ ਕੀਤਾ ਗਿਆ ਸੀ। ਜਿਸ ਦੀ ਵਜ੍ਹਾ ਨਾਲ ਭਾਰਤ ਹੀ ਨਹੀਂ, ਦੁਨੀਅਭਰ ਦੇ ਬਹੁਤ ਸਾਰੇ ਜਾਣੇ-ਪਛਾਣੇ ਲੋਕਾਂ ਦੇ ਖਾਤੇ ਜਿਵੇਂ ਕਿ ਨੌਕਰਸ਼ਾਹ, ਜਾਂਚ ਪੱਤਰਕਾਰ ਆਦਿ ਦੇ ਖਾਤੇ ਹੈਕ ਕਰ ਲਏ ਗਏ ਸਨ।

WhatsApp ਨੇ ਪਿਛਲੇ ਦੋ ਸਾਲ ਤੋਂ ਐਪ 'ਚ ਕਈ ਨਵੇਂ ਫ਼ੀਚਰਜ਼ ਜੋੜੇ ਹਨ। ਇਨ੍ਹਾਂ ਫ਼ੀਚਰਜ਼ ਨੂੰ ਖ਼ਾਸ ਤੌਰ 'ਤੇ ਯੂਜ਼ਰਜ਼ ਪ੍ਰਾਇਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਜੋੜੇ ਗਏ ਹਨ। ਇਸ ਸਾਲ ਵੀ WhatsApp 'ਚ ਕਈ ਨਵੇਂ ਫ਼ੀਚਰਜ਼ ਜੋੜੇ ਜਾ ਸਕਦੇ ਹਨ, ਜਿਸ 'ਚ ਡਾਰਕ ਮੋਡ ਫ਼ੀਚਰ ਖ਼ਾਸ ਹੈ। ਇਸ ਫ਼ੀਚਰ ਨੂੰ ਬੀਟਾ ਵਰਜ਼ਨ ਲਈ ਪਹਿਲਾਂ ਹੀ ਰੋਲ ਆਊਟ ਕੀਤਾ ਜਾ ਚੁੱਕਾ ਹੈ।

Posted By: Sarabjeet Kaur