ਨਵੀਂ ਦਿੱਲੀ, ਟੈਕ ਡੈਸਕ : ਪ੍ਰਸਿੱਧ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਆਪਣੀ ਐੱਸਐੱਮਐੱਸ ਅਧਾਰਿਤ Twitter Via SMS ਟਵੀਟਿੰਗ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਪਭੋਗਤਾ ਹੁਣ SMS ਰਾਹੀਂ ਟਵੀਟ ਨਹੀਂ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਟਵਿੱਟਰ ਨੇ ਇਹ ਸੇਵਾ 2010 ਵਿਚ ਸ਼ੁਰੂ ਕੀਤੀ ਸੀ। ਇਸ ਸੇਵਾ ਦੇ ਜ਼ਰੀਏ, ਉਪਭੋਗਤਾ ਆਪਣੇ ਖਾਤੇ ਵਿੱਚ ਲੌਗਇਨ ਕੀਤੇ ਬਿਨ੍ਹਾਂ ਵੀ 140 ਅੱਖਰਾਂ ਨੂੰ ਟਵੀਟ ਕਰ ਸਕਦੇ ਸਨ। ਕੰਪਨੀ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ।

ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘ਅਸੀਂ ਉਪਭੋਗਤਾਵਾਂ ਦੇ ਖਾਤੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਵੇਖਿਆ ਹੈ ਕਿ ਐੱਸਐੱਮਐੱਸ ਦੇ ਜ਼ਰੀਏ ਕਈ ਤਰ੍ਹਾਂ ਦੀਆਂ ਗੜਬੜੀਆਂ ਪਾਈਆਂ ਗਈਆਂ ਹਨ। ਅਸੀਂ ਪਿਛਲੇ ਸਾਲ ਸਤੰਬਰ ਵਿਚ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਅਸੀਂ ਆਪਣੀ ਐੱਸਐੱਮਐੱਸ ਅਧਾਰਤ ਟਵੀਟ ਸੇਵਾ (ਕੁਝ ਦੇਸ਼ਾਂ ਨੂੰ ਛੱਡ ਕੇ) ਬੰਦ ਕਰ ਦਿੱਤੀ ਹੈ। ਜੇ ਤੁਸੀਂ ਐੱਸਐੱਮਐੱਸ ਰਾਹੀਂ ਟਵਿੱਟਰ ਦੀ ਵਰਤੋਂ ਕਰ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਵੈਬਸਾਈਟ ਅਤੇ ਮੋਬਾਈਲ ਐਪ ਰਾਹੀਂ ਕਰ ਸਕੋਗੇ। ਅਸੀਂ ਸਾਰੇ ਉਪਭੋਗਤਾਵਾਂ ਲਈ ਖਾਤੇ ਮੈਨੇਜ਼ ਕਰਨ ਲਈ ਜ਼ਰੂਰੀ ਐੱਸਐੱਮਐੱਸ ਸੇਵਾ ਤੱਕ ਪਹੁੰਚ ਤੋਂ ਇਨਕਾਰ ਕਰ ਦਿੱਤਾ ਹੈ।'

Twitter ਨੇ ਆਪਣੇ ਅਧਿਕਾਰਤ ਸਪੋਰਟ ਹੈਂਡਲ ਤੋਂ ਵੀ ਇਸ ਬਾਰੇ ਟਵੀਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਟਵਿੱਟਰ ਦੇ ਸੀਈਓ ਜੈਕ ਡੋਰਸੀ ਦਾ ਖਾਤਾ ਹੈਕ ਕੀਤਾ ਗਿਆ ਸੀ। ਹੈਕਰ ਨੇ ਟਵਿੱਟਰ ਰਾਹੀਂ ਐੱਸਐੱਮਐੱਸ ਫੀਚਰ ਦੀ ਵਰਤੋਂ ਕਰਕੇ ਖਾਤਾ ਹੈਕ ਕੀਤਾ ਸੀ। ਜਿਸ ਤੋਂ ਬਾਅਦ ਕੰਪਨੀ ਨੇ ਇਸ ਫੀਚਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। Twitter ਦੀ ਇਹ ਸੇਵਾ ਕਿਹੜੇ ਦੇਸ਼ਾਂ ਵਿੱਚ ਬੰਦ ਕੀਤੀ ਗਈ ਹੈ ਅਤੇ ਕਿਥੇ ਜਾਰੀ ਰਹੇਗੀ, ਇਸ ਬਾਰੇ ਨਾ ਤਾਂ ਕੰਪਨੀ ਦੇ ਬੁਲਾਰੇ ਨੇ ਕੋਈ ਜਾਣਕਾਰੀ ਦਿੱਤੀ ਹੈ ਤੇ ਨਾ ਹੀ ਸਪੋਰਟ ਰਾਹੀਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਮਿਲੀ ਹੈ।

Twitter Via SMS ਸੇਵਾ ਦਾ ਲਾਭ ਖ਼ਾਸਕਰ ਉਨ੍ਹਾਂ ਉਪਭੋਗਤਾਵਾਂ ਲਈ ਹੈ ਜਿਹੜੇ ਇੰਟਰਨੈਟ ਤੋਂ ਬਿਨਾਂ ਵੀ ਮਾਈਕ੍ਰੋ ਬਲੌਗਿੰਗ ਸੇਵਾ ਦੀ ਵਰਤੋਂ ਕਰਦੇ ਹਨ। ਇਹ ਵਿਸ਼ੇਸ਼ਤਾ ਉਨ੍ਹਾਂ ਖੇਤਰਾਂ ਲਈ ਲਾਭਕਾਰੀ ਹੈ, ਜਿੱਥੇ ਇੰਟਰਨੈਟ ਸੇਵਾ ਉਪਲਬਧ ਨਹੀਂ ਹੈ। ਪਹਾੜੀ ਖੇਤਰ ਜਿੱਥੇ ਮੋਬਾਈਲ ਨੈਟਵਰਕ ਹੈ ਪਰ ਇੰਟਰਨੈਟ ਕਨੈਕਟੀਵਿਟੀ ਇੰਨੀ ਬਿਹਤਰ ਨਹੀਂ ਹੈ, ਉਥੇ ਉਪਭੋਗਤਾ ਇਸ ਸੇਵਾ ਦੁਆਰਾ ਸੰਚਾਰ ਕਰ ਸਕਦੇ ਹਨ।

Posted By: Sunil Thapa